PM ਮੋਦੀ ਦੀ ''ਤੇਲ ਬਚਾਓ'' ਮੁਹਿੰਮ ਦਾ ਅਸਰ ! CM ਰੇਖਾ ਸਣੇ ਕਈ ਭਾਜਪਾ ਆਗੂਆਂ ਨੇ ਮੈਟਰੋ ''ਚ ਕੀਤਾ ਸਫ਼ਰ

Monday, May 18, 2026 - 02:41 PM (IST)

PM ਮੋਦੀ ਦੀ ''ਤੇਲ ਬਚਾਓ'' ਮੁਹਿੰਮ ਦਾ ਅਸਰ ! CM ਰੇਖਾ ਸਣੇ ਕਈ ਭਾਜਪਾ ਆਗੂਆਂ ਨੇ ਮੈਟਰੋ ''ਚ ਕੀਤਾ ਸਫ਼ਰ

ਨਵੀਂ ਦਿੱਲੀ- ਮਿਡਲ ਈਸਟ 'ਚ ਤਣਾਅ ਕਾਰਨ ਦੁਨੀਆ ਭਰ 'ਚ ਪੈਦਾ ਹੋਏ ਸੰਕਟ ਅਤੇ ਤੇਲ-ਗੈਸ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਤੇਲ ਬਚਾਓ' ਦੀ ਅਪੀਲ ਦਾ ਅਸਰ ਹੁਣ ਸਿਆਸੀ ਗਲਿਆਰਿਆਂ ਵਿੱਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ "ਮੇਰਾ ਭਾਰਤ, ਮੇਰਾ ਯੋਗਦਾਨ" ਮੁਹਿੰਮ ਤਹਿਤ ਦਿੱਲੀ ਮੈਟਰੋ ਵਿੱਚ ਸਫ਼ਰ ਕੀਤਾ ਅਤੇ ਦੇਸ਼ ਵਾਸੀਆਂ ਨੂੰ ਪਬਲਿਕ ਟ੍ਰਾਂਸਪੋਰਟ ਅਪਣਾਉਣ ਦਾ ਸੰਦੇਸ਼ ਦਿੱਤਾ।

ਮੈਟਰੋ ਸਫ਼ਰ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਮ ਮੁਸਾਫ਼ਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਤੇਲ ਦੀ ਬਚਤ ਲਈ ਵੱਧ ਤੋਂ ਵੱਧ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਵੀ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਮੈਟਰੋ ਰਾਹੀਂ ਸਫ਼ਰ ਕੀਤਾ। ਮੈਟਰੋ ਵਿੱਚ ਸੀਟ ਮਿਲਣ 'ਤੇ ਉਹ ਕਾਫ਼ੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਅੱਜ ਟ੍ਰੇਨ ਵਿੱਚ ਜ਼ਿਆਦਾ ਭੀੜ ਨਹੀਂ ਸੀ। ਇਸ ਦੇ ਨਾਲ ਹੀ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਵੀ ਮੈਟਰੋ ਸਫ਼ਰ ਰਾਹੀਂ ਇਸ ਮੁਹਿੰਮ ਦਾ ਸਮਰਥਨ ਕੀਤਾ।

ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency

ਮਨੋਜ ਤਿਵਾਰੀ ਨੇ ਕਿਹਾ, "ਸਾਨੂੰ ਮੈਟਰੋ ਵਿੱਚ ਕਈ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਕੁਝ ਯਾਤਰੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਮੈਟਰੋ ਰਾਹੀਂ ਗੁਰੂਗ੍ਰਾਮ ਅਤੇ ਨੋਇਡਾ ਵਿਚਕਾਰ ਸਫ਼ਰ ਕਰਦੇ ਹਨ। ਉਹ ਆਪਣੇ ਘਰ ਤੋਂ 500-600 ਮੀਟਰ ਪੈਦਲ ਚੱਲ ਕੇ ਸਟੇਸ਼ਨ ਆਉਂਦੇ ਹਨ। ਇਨ੍ਹਾਂ ਜ਼ਿੰਮੇਵਾਰ ਨਾਗਰਿਕਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।"

ਇਸ ਤੋਂ ਇਲਾਵਾ ਵਾਤਾਵਰਣ ਪੱਖੀ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਲੀ ਦੇ ਮਸ਼ਹੂਰ ਕਨਾਟ ਪਲੇਸ 'ਚ ਇਲੈਕਟ੍ਰਿਕ ਵਾਹਨਾਂ ਦੀ ਪਾਰਕਿੰਗ ਫ਼ੀਸ ਵਿੱਚ 50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ। NDMC ਦੇ ਉਪ-ਪ੍ਰਧਾਨ ਕੁਲਜੀਤ ਸਿੰਘ ਚਾਹਲ ਖ਼ੁਦ ਇੱਕ ਇਲੈਕਟ੍ਰਿਕ ਆਟੋ-ਰਿਕਸ਼ਾ ਵਿੱਚ ਸਵਾਰ ਹੋ ਕੇ ਸੇਵਾ ਤੀਰਥ ਮੈਟਰੋ ਸਟੇਸ਼ਨ ਪਹੁੰਚੇ। ਇਸ ਦੌਰਾਨ ਸਾਂਸਦ ਮਨੋਜ ਤਿਵਾਰੀ ਅਤੇ ਕੁਲਜੀਤ ਚਾਹਲ ਨੇ ਇਲੈਕਟ੍ਰਿਕ ਵਾਹਨ ਚਾਲਕਾਂ ਨੂੰ 50 ਫ਼ੀਸਦੀ ਛੋਟ ਵਾਲੇ ਵਿਸ਼ੇਸ਼ ਪਾਰਕਿੰਗ ਪਾਸ ਵੀ ਵੰਡੇ।

ਜ਼ਿਕਰਯੋਗ ਹੈ ਕਿ 11 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਈਸਟ 'ਚ ਮੌਜੂਦਾ ਸੰਕਟ ਕਾਰਨ ਪੈਦਾ ਹੋਈਆਂ ਗਲੋਬਲ ਚੁਣੌਤੀਆਂ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਤੇਲ ਦੀ ਖਪਤ ਘਟਾਉਣ, ਪਬਲਿਕ ਟ੍ਰਾਂਸਪੋਰਟ ਅਤੇ ਈ.ਵੀ. ਵਾਹਨਾਂ ਦੀ ਵਰਤੋਂ ਵਧਾਉਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਆਰਥਿਕ ਸਥਿਰਤਾ ਲਈ ਨਾਗਰਿਕਾਂ ਨੂੰ ਫਿਲਹਾਲ ਸੋਨੇ ਦੀ ਖਰੀਦਦਾਰੀ ਨੂੰ ਕੁਝ ਸਮੇਂ ਲਈ ਟਾਲਣ ਦੀ ਬੇਨਤੀ ਵੀ ਕੀਤੀ ਸੀ।

ਇਹ ਵੀ ਪੜ੍ਹੋ- 23 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ UK 'ਚ ਗੱਡੇ ਝੰਡੇ ! ਬਣ ਗਿਆ ਸਭ ਤੋਂ ਘੱਟ ਉਮਰ ਦਾ ਮੇਅਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News