ਰਾਜਭਵਨ ’ਚ ਬੈਠਾ ਹੈ ਸ਼ਰਾਰਤੀ ਵਿਅਕਤੀ, ਕੁੜੀਆਂ ਉਥੇ ਜਾਣੋਂ ਵੀ ਡਰਦੀਆਂ ਹਨ, ਮਮਤਾ ਦੇ ਰਾਜਪਾਲ ’ਤੇ ਵਿਗੜੇ ਬੋਲ

Thursday, Jun 27, 2024 - 09:37 PM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ 2 ਨਵੇਂ ਚੁਣੇ ਵਿਧਾਇਕਾਂ ਸਾਯੰਤਿਕਾ ਬੈਨਰਜੀ ਅਤੇ ਰੇਆਤ ਹੁਸੈਨ ਦੇ ਸਹੁੰ ਚੁੱਕ ਸਮਾਗਮ ਵਿਚ ਦੇਰੀ ਨਾਲ ਪਹੁੰਚਣ ਅਤੇ ਇਸ ’ਤੇ ਜਾਰੀ ਡੈੱਡਲਾਕ ਨੂੰ ਲੈ ਕੇ ਵੀਰਵਾਰ ਨੂੰ ਰਾਜਪਾਲ ਡਾ. ਸੀ. ਵੀ. ਆਨੰਦ ਬੋਸ ’ਤੇ ਤਿੱਖਾ ਹਮਲਾ ਕੀਤਾ।

ਮੁੱਖ ਮੰਤਰੀ ਨੇ ਸੂਬਾ ਸਕੱਤਰੇਤ ਨਵਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਹੋਏ ਰਾਜਪਾਲ ਦਾ ਨਾਂ ਲਏ ਬਿਨਾਂ ਇੱਥੋਂ ਤੱਕ ਕਿਹਾ ਕਿ ਰਾਜ ਭਵਨ ਵਿਚ ਕਿਹੋ ਜਿਹਾ ਸ਼ਰਾਰਤੀ ਵਿਅਕਤੀ ਬੈਠਾ ਹੈ, ਜਿਸ ਕਾਰਨ ਕੁੜੀਆਂ ਉੱਥੇ ਜਾਣੋਂ ਡਰਦੀਆਂ ਹਨ। ਮਮਤਾ ਨੇ ਕਿਹਾ ਕਿ ਦੋਵੇਂ ਵਿਧਾਇਕਾਂ ਨੂੰ ਜਨਤਾ ਨੇ ਚੁਣਿਆ ਹੈ। ਰਾਜਪਾਲ ਨੂੰ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਰੋਕਣ ਦਾ ਕੀ ਅਧਿਕਾਰ ਹੈ? ਲੱਗਭਗ ਇਕ ਮਹੀਨੇ ਤੋਂ ਇਸ ਮੁੱਦੇ ’ਤੇ ਬੇਯਕੀਨੀ ਬਣੀ ਹੋਈ ਹੈ।

ਉਨ੍ਹਾਂ ਨੇ ਸਾਯੰਤਿਕਾ ਬੈਨਰਜੀ ਅੇਤ ਰੇਆਤ ਹੁਸੈਨ ਦੀ ਮੰਗ ਦੀ ਹਮਾਇਤ ਕੀਤੀ ਕਿ ਜਾਂ ਤਾਂ ਰਾਜਪਾਲ ਸਹੁੰ ਦਿਵਾਉਣ ਲਈ ਵਿਧਾਨ ਸਭਾ ਆਉਣ ਜਾਂ ਫਿਰ ਅਜਿਹਾ ਕਰਨ ਲਈ ਸਪੀਕਰ ਜਾਂ ਡਿਪਟੀ ਸਪੀਕਰ ਨੂੰ ਨਾਮਜ਼ਦ ਕਰਨ।


Rakesh

Content Editor

Related News