ਸੀ. ਐੱਮ. ਬਣਨਾ ਮੇਰੀ ਕਦੇ ਖਾਹਿਸ਼ ਨਹੀਂ ਰਹੀ : ਊਧਵ
Monday, Sep 16, 2024 - 09:47 AM (IST)
 
            
            ਅਹਿਮਦਨਗਰ- ਸ਼ਿਵਸੈਨਾ (ਯੂ. ਬੀ. ਟੀ.) ਨੇਤਾ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਦੀ ਖਾਹਿਸ਼ ਕਦੇ ਨਹੀਂ ਰੱਖੀ। ਆਉਂਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਨਾਲ ਉੱਤਰਣ ਦੇ ਸਬੰਧ ’ਚ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਸਹਿਯੋਗੀਆਂ ਦੀ ਦਿਲਚਸਪੀ ਨਾ ਹੋਣ ਦੇ ਪਿਛੋਕੜ ’ਚ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਅਹਿਮਦਨਗਰ ’ਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ (ਨਵੰਬਰ) 2019 ’ਚ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਨਹੀਂ ਸੀ। ਠਾਕਰੇ ਨੇ ਕਿਹਾ ਕਿ ਭਾਵੇਂ ਮੈਂ ਸੱਤਾ ’ਚ ਰਹਾਂ ਜਾਂ ਨਾ, ਮੈਂ ਲੋਕਾਂ ਦੇ ਸਮਰਥਨ ਨਾਲ ਖੁਦ ਨੂੰ ਮਜ਼ਬੂਤ ਮਹਿਸੂਸ ਕਰਦਾ ਹਾਂ। ਬਾਲਾ ਸਾਹਿਬ (ਠਾਕਰੇ) ਕਦੇ ਵੀ ਸੱਤਾ ’ਚ ਨਹੀਂ ਸਨ ਪਰ ਲੋਕਾਂ ਦੇ ਸਮਰਥਨ ਕਾਰਨ ਸਾਰੀਆਂ ਸ਼ਕਤੀਆਂ ਉਨ੍ਹਾਂ ਕੋਲ ਸਨ। ਉਹ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਲਈ ਪ੍ਰਦਰਸ਼ਨ ਕਰ ਰਹੇ ਸੂਬਾ ਸਰਕਾਰ ਦੇ ਕਾਮਿਆਂ ਨੂੰ ਸੰਬੋਧਨ ਕਰ ਰਹੇ ਸਨ। ਠਾਕਰੇ ਨੇ ਪਿਛਲੇ ਮਹੀਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ.) ਅਤੇ ਕਾਂਗਰਸ ਨੂੰ ਮਹਾਵਿਕਾਸ ਆਘਾੜੀ ਲਈ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਤੈਅ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੂੰ ਹਾਂਪੱਖੀ ਪ੍ਰਤੀਕਿਰਿਆ ਨਹੀਂ ਮਿਲੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            