ਤਿਤਲੀ ਤੂਫਾਨ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕੇਂਦਰ ਤੋਂ ਮੰਗੀ 1200 ਕਰੋੜ ਦੀ ਮਦਦ ਰਾਸ਼ੀ
Saturday, Oct 13, 2018 - 05:12 PM (IST)

ਅਮਰਾਵਤੀ (ਵਾਰਤਾ)— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ 'ਤਿਤਲੀ' ਤੂਫਾਨ ਕਾਰਨ ਹੋਈ ਭਾਰੀ ਤਬਾਹੀ ਦੀ ਰਿਕਵਰੀ ਲਈ ਕੇਂਦਰ ਸਰਕਾਰ ਤੋਂ 1200 ਕਰੋੜ ਰੁਪਏ ਦੀ ਵਿੱਤੀ ਮਦਦ ਦੀ ਮੰਗ ਕੀਤੀ ਹੈ। ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਦੀ ਕਾਪੀ ਸ਼ਨੀਵਾਰ ਨੂੰ ਇੱਥੇ ਮੀਡੀਆ ਨੂੰ ਜਾਰੀ ਕੀਤੀ। ਨਾਇਡੂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਤਿਤਲੀ ਤੂਫਾਨ ਤੋਂ 1200 ਕਰੋੜ ਦਾ ਨੁਕਸਾਨ ਪੁੱਜਾ ਹੈ। ਮੁੱਖ ਮੰਤਰੀ ਨਾਇਡੂ ਨੇ ਪ੍ਰਧਾਨ ਮੰਤਰੀ ਤੋਂ 1200 ਕਰੋੜ ਦੀ ਮਦਦ ਰਾਸ਼ੀ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਤਿਤਲੀ ਤੂਫਾਨ ਕਾਰਨ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਅਤੇ ਵਿਜੇਨਗਰਮ ਵਿਚ ਕਾਫੀ ਨੁਕਸਾਨ ਪੁੱਜਿਆ ਹੈ।
ਨਾਇਡੂ ਨੇ ਕਿਹਾ, ''ਤਿਤਲੀ ਤੂਫਾਨ ਨਾਲ ਜਾਇਦਾਦ, ਆਧਾਰਭੂਤ ਢਾਂਚਾ ਅਤੇ ਹੋਰ ਸਬੰਧਿਤ ਖੇਤਰਾਂ ਨੂੰ ਮਿਲਾ ਕੇ ਸੂਬੇ 'ਚ ਲੱਗਭਗ 2800 ਕਰੋੜ ਰੁਪਏ ਦੀ ਜਾਇਦਾਦ, ਫਸਲਾਂ ਅਤੇ ਆਧਾਰਭੂਤ ਢਾਂਚਿਆਂ ਨੂੰ ਨੁਕਸਾਨ ਪੁੱਜਾ ਹੈ। ਨਾਇਡੂ ਨੇ ਚਿੱਠੀ ਵਿਚ ਕਿਹਾ ਕਿ ਸੂਬਾ ਸਰਕਾਰ ਨੇ ਜੰਗੀ ਪੱਧਰ 'ਤੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਖੁਦ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨਾਇਡੂ ਨੇ ਕਿਹਾ, ''ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮਦਦ ਰਾਸ਼ੀ ਮਨਜ਼ੂਰ ਕਰੇ, ਤਾਂ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕੇ।'' ਇੱਥੇ ਦੱਸ ਦੇਈਏ ਕਿ ਤੂਫਾਨ ਤਿਤਲੀ ਕਾਰਨ 12 ਲੋਕ ਦੀ ਮੌਤ ਹੋ ਗਈ ਅਤੇ 4 ਲਾਪਤਾ ਦੱਸੇ ਜਾ ਰਹੇ ਹਨ।