ਚੰਬਾ ’ਚ ਬੱਦਲ ਫਟਿਆ; ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਜ਼ਮੀਨ ਖਿਸਕੀ, 3 ਦੀ ਮੌਤ

Monday, Jul 21, 2025 - 11:31 PM (IST)

ਚੰਬਾ ’ਚ ਬੱਦਲ ਫਟਿਆ; ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਜ਼ਮੀਨ ਖਿਸਕੀ, 3 ਦੀ ਮੌਤ

ਚੰਬਾ/ਟੀਸਾ/ਜਲੰਧਰ/ਕਟੜਾ(ਕਾਕੂ ਚੌਹਾਨ, ਸੁਭਾਨਦੀਨ, ਪੁਨੀਤ, ਅਮਿਤ)- ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਦੇ ਚੰਬਾ ’ਚ ਬੱਦਲ ਫਟਣ ਤੇ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਜ਼ਮੀਨ ਖਿਸਕਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ ’ਚ ਮੀਂਹ ਕਾਰਨ ਚੱਕੀ ਦਰਿਆ ’ਚ ਹੜ੍ਹ ਆ ਗਿਆ। ਚੰਬਾ ਦੇ ਚੁਰਾਹ ਸਬ-ਡਿਵੀਜ਼ਨ ਦੀ ਨੇਰਾ ਪੰਚਾਇਤ ਦੇ ਪਿੰਡ ਰਲਹੇੜਾ ’ਚ ਬੱਦਲ ਫਟਣ ਕਾਰਨ ਨਾਲੇ ’ਚ ਹੜ੍ਹ ਆ ਗਿਆ।

ਇਸ ਕਾਰਨ 5 ਗਊਸ਼ਾਲਾਵਾਂ ਨੂੰ ਨੁਕਸਾਨ ਪਹੁੰਚਿਆ। ਦੋ ਗਊਆਂ ਵੀ ਰੁੜ੍ਹ ਗਈਆਂ। ਪਿੰਡ ’ਚ ਮੱਕੀ ਦੀ ਫਸਲ ਤਬਾਹ ਹੋ ਗਈ ਹੈ। ਚੰਬਾ ਜ਼ਿਲੇ ਦੇ ਮੇਹਲਾ ਖੇਤਰ ਦੀ ਚੱਡੀ ਪੰਚਾਇਤ ’ਚ ਜ਼ਮੀਨ ਖਿਸਕਣ ਕਾਰਨ ਇਕ ਘਰ ਨੂੰ ਨੁਕਸਾਨ ਪਹੁੰਚਿਆ।ਇਸ ਦੌਰਾਨ ਕਮਰੇ ’ਚ ਸੁੱਤੇ ਨਵ-ਵਿਆਹੇ ਜੋੜੇ ਦੀ ਮਲਬੇ ਹੇਠ ਦੱਬੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਨੀ ਤੇ ਉਸ ਦੀ ਪਤਨੀ ਪੱਲਵੀ ਨਿਵਾਸੀ ਕਿਆਨੀ ਵਜੋਂ ਹੋਈ ਹੈ।

ਸੋਮਵਾਰ ਸਵੇਰੇ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਬਾਣਗੰਗਾ ਦੇ ਲੰਗਰ ਨੇੜੇ ਜ਼ਮੀਨ ਖਿਸਕ ਗਈ, ਜਿਸ ਕਾਰਨ 7 ਵਿਅਕਤੀ ਜ਼ਖਮੀ ਹੋ ਗਏ। ਸ਼੍ਰੀਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ, ਜੰਮੂ-ਕਸ਼ਮੀਰ ਪੁਲਸ ਤੇ ਸੀ. ਆਰ. ਪੀ. ਐੱਫ. ਦੀਆਂ ਟੀਮਾਂ ਨੇ ਰਾਹਤ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਸੀ. ਐੱਸ. ਸੀ. ਕਟੜਾ ਲਿਜਾਇਆ ਗਿਆ, ਜਿੱਥੇ 3 ਗੰਭੀਰ ਜ਼ਖਮੀਆਂ ਨੂੰ ਸ਼੍ਰੀਮਾਤਾ ਵੈਸ਼ਨੋ ਦੇਵੀ ਨਾਰਾਇਣ ਮੈਡੀਕਲ ਸੈਂਟਰ ’ਚ ਤਬਦੀਲ ਕਰ ਦਿੱਤਾ ਗਿਆ ਜਦੋਂ ਕਿ ਹੋਰਾਂ ਦਾ ਇਲਾਜ ਕਟੜਾ ਵਿਖੇ ਚੱਲ ਰਿਹਾ ਹੈ।

ਨਾਰਾਇਣ ਮੈਡੀਕਲ ਸੈਂਟਰ ਪਹੁੰਚੇ ਇਕ ਸ਼ਰਧਾਲੂ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਪਛਾਣ ਉਪਨ (70) ਪੁੱਤਰ ਸ਼੍ਰੀਨਿਵਾਸਨ ਵਾਸੀ ਯਮੁਨਾਨਗਰ (ਚੇਨਈ) ਵਜੋਂ ਹੋਈ ਹੈ। ਜ਼ਖਮੀ ਰਾਜੇਂਦਰ ਭੱਲਾ (70) ਪੁੱਤਰ ਕ੍ਰਿਸ਼ਨ ਲਾਲ ਵਾਸੀ ਹਰਿਆਣਾ, ਕੇ. ਰਾਧਾ ਪਤਨੀ ਉਪਨ ਵਾਸੀ ਯਮੁਨਾਨਗਰ (ਚੇਨਈ) ਦਾ ਇਲਾਜ ਸ਼੍ਰੀਮਾਤਾ ਵੈਸ਼ਨੋ ਦੇਵੀ ਨਾਰਾਇਣ ਹਸਪਤਾਲ ਚ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਰਾਮਚਰਨ ਦੀ ਪਤਨੀ ਲੀਲਾਬਾਈ ਦਾ ਕਟੜਾ ਵਿਖੇ ਇਲਾਜ ਚੱਲ ਰਿਹਾ ਹੈ।

ਦੂਜੇ ਪਾਸੇ ਪੰਜਾਬ ’ਚ ਮੀਂਹ ਕਾਰਨ ਕਈ ਦਰਿਆ ਚੜ੍ਹੇ ਹੋਏ ਹਨ । ਸੜਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਚੱਕੀ ਨਦੀ ’ਚ ਵੱਧ ਰਹੇ ਪਾਣੀ ਨੇ ਮਾਜਰਾ ਸਮੇਤ ਕਈ ਪਿੰਡਾਂ ਦਾ ਸ਼ਹਿਰ ਨਾਲੋਂ ਸੰਪਰਕ ਕੱਟ ਦਿੱਤਾ ਹੈ। ਪਠਾਨਕੋਟ ਹਵਾਈ ਅੱਡੇ ਨੂੰ ਜਾਣ ਵਾਲੀ ਮੁੱਖ ਸੜਕ ਦਾ ਇਕ ਵੱਡਾ ਹਿੱਸਾ ਵਹਿ ਗਿਆ ਹੈ। ਮੀਂਹ ਕਾਰਨ ਤਾਪਮਾਨ ’ਚ 6 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ’ਚ 36 ਡਿਗਰੀ ਦਰਜ ਕੀਤਾ ਗਿਆ। ਸ਼ਾਮ 5 ਵਜੇ ਤੱਕ ਪੰਜਾਬ ’ਚ 340 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

22 ਨੂੰ ਪੰਜਾਬ ਦੇ 6-7 ਜ਼ਿਲਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ’ਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਐੱਸ. ਏ. ਐਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਕੁਝ ਨੇੜਲੇ ਖੇਤਰ ਸ਼ਾਮਲ ਹਨ।


author

Hardeep Kumar

Content Editor

Related News