'ਦਿ ਕੇਰਲ ਸਟੋਰੀ' ਫ਼ਿਲਮ ਨੂੰ ਲੈ ਕੇ ਕੁੱਟਮਾਰ 'ਚ 5 ਵਿਦਿਆਰਥੀ ਜ਼ਖ਼ਮੀ, FIR ਦਰਜ
Monday, May 15, 2023 - 05:50 PM (IST)

ਜੰਮੂ (ਭਾਸ਼ਾ)- ਜੰਮੂ 'ਚ ਇਕ ਹੋਸਟਲ 'ਚ 'ਦਿ ਕੇਰਲ ਸਟੋਰੀ' ਫਿਲਮ ਨੂੰ ਲੈ ਕੇ 2 ਸਮੂਹਾਂ ਵਿਚਾਲੇ ਹੋਈ ਕੁੱਟਮਾਰ 'ਚ 5 ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਿਆ ਹੈ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਉੱਚਿਤ ਕਾਰਵਾਈ ਕੀਤੀ ਜਾਵੇਗੀ। ਮਾਮਲੇ 'ਚ ਐੱਫ.ਆਈ.ਆਰ. ਦਰਜ ਹੋ ਗਈ ਹੈ। ਜੰਮੂ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਚੰਦਨ ਕੋਹਲੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਨੇ ਕਿਹਾ,''ਜੀ.ਐੱਮ.ਸੀ. ਹੋਸਟਲ ਜੰਮੂ 'ਚ ਕੁਝ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਵਿਚਾਲੇ ਹੱਥੋਪਾਈ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਦਾ ਨੋਟਿਸ ਲਿਆ ਗਿਆ ਅਤੇ ਜਾਂਚ ਜਾਰੀ ਹੈ।''
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਐਤਵਾਰ ਦੇਰ ਰਾਤ ਹੱਥੋਪਾਈ ਉਦੋਂ ਸ਼ੁਰੂ ਹੋਈ, ਜਦੋਂ ਇਕ ਵਿਦਿਆਰਥੀ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਇਕ ਅਧਿਕਾਰਤ ਸੋਸ਼ਲ ਮੀਡੀਆ ਗਰੁੱਪ (ਵਟਸਐੱਪ) 'ਚ ਫਿਲਮ ਦਾ ਲਿੰਕ ਸਾਂਝਾ ਕੀਤਾ, ਜਿਸ 'ਤੇ ਉਸ ਦੇ ਇਕ ਸਹਿਪਾਠੀ ਨੇ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਗਰੁੱਪ ਸਿਰਫ਼ ਸਿੱਖਿਅਕ ਕੰਮਾਂ ਲਈ ਹੈ। ਇਤਰਾਜ਼ ਜਤਾਉਣ ਵਾਲੇ ਵਿਦਿਆਰਥੀ ਨਾ ਹੋਸਟਲ ਦੇ ਅੰਦਰ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਬਾਹਰ ਦੇ ਕੁਝ ਲੋਕਾਂ ਨਾਲ ਹੋਰ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਕੁਝ ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਇਕ ਦੱਖਣਪੰਥੀ ਸਮੂਹ ਦੇ ਮੈਂਬਰਾਂ ਨੂੰ ਬਾਹਰੋਂ ਹੋਸਟਲ 'ਚ ਲਿਆਂਦਾ ਗਿਆ, ਜਿਨ੍ਹਾਂ ਨੇ ਨਾਅਰੇ ਲਗਾਏ ਅਤੇ ਇਕ ਵਿਦਿਆਰਥੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗ ਗਈ। ਪੁਲਸ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ ਬਾਹਰੋਂ ਆਏ ਲੋਕ ਉੱਥੋਂ ਦੌੜ ਗਏ। ਘਟਨਾ ਤੋਂ ਬਾਅਦ ਧਰਨੇ 'ਤੇ ਬੈਠ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਇਕ ਸਮੂਹ ਨੇ ਆਪਣੀਆਂ ਜਮਾਤਾਂ ਦਾ ਬਾਈਕਾਟ ਕੀਤਾ ਅਤੇ ਅੱਜ ਸਵੇਰੇ ਜੀ.ਐੱਮ.ਸੀ. ਹਸਪਤਾਲ ਦੇ ਬਾਹਰ ਇਕੱਠੇ ਹੋ ਕੇ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਉੱਚਿਤ ਕਾਰਵਾਈ ਦੀ ਮੰਗ ਕੀਤੀ। ਇਕ ਵਿਦਿਆਰਥੀ ਨੇ ਕਿਹਾ,''ਇਹ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਕੀਤੀ। 'ਦਿ ਕੇਰਲ ਸਟੋਰੀ' ਫਿਲਮ ਕੋਈ ਪਵਿੱਤਰ ਗਾਥਾ ਨਹੀਂ ਹੈ, ਵਿਵਾਦਿਤ ਫ਼ਿਲਮ ਨੂੰ ਲੈ ਕੇ ਲੋਕਾਂ ਦੀ ਵੱਖ-ਵੱਖ ਰਾਏ ਹੈ।''