ਗਊ ਮੂਤਰ ਨਾਲ ਕੈਂਸਰ ਠੀਕ ਹੋਣ ਦੇ ਦਾਅਵੇ ''ਤੇ ਘਿਰੀ ਸਾਧਵੀ ਪ੍ਰਗਿਆ

05/07/2019 7:41:24 PM

ਮੁੰਬਈ, (ਇੰਟ.)— ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਪਿੱਛੋਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਲਗਾਤਾਰ ਸੁਰਖੀਆਂ ਵਿਚ ਬਣੀ ਹੋਈ ਹੈ। ਹੁਣ ਇਸ ਵਾਰ ਉਹ ਆਪਣੇ ਇਕ ਉਸ ਨਵੇਂ ਬਿਆਨ ਕਾਰਨ ਘਿਰ ਗਈ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਗਊ ਮੂਤਰ ਨਾਲ ਕੈਂਸਰ ਠੀਕ ਹੋ ਜਾਂਦਾ ਹੈ। ਮੁੰਬਈ ਦੇ ਡਾਕਟਰ ਉਸ ਦੇ ਬਿਆਨ ਦੀ ਆਲੋਚਨਾ ਕਰ ਰਹੇ ਹਨ। ਡਾਕਟਰਾਂ ਨੇ ਇਸ ਬਿਆਨ ਨੂੰ ਭੁਲੇਖਾਪਾਊ ਕਿਹਾ ਹੈ।
ਟਾਟਾ ਮੈਮੋਰੀਅਲ ਸੈਂਟਰ ਦੇ ਡਾਇਰੈਕਟਰ ਡਾ. ਰਾਜਿੰਦਰ ਨੇ ਮੰਗਲਵਾਰ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਜਿਹੜਾ ਇਹ ਸਾਬਿਤ ਕਰੇ ਕਿ ਗਊ ਮੂਤਰ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਪ੍ਰਾਡਕਟ ਕੈਂਸਰ ਦੇ ਇਲਾਜ ਲਈ ਲਾਹੇਵੰਦ ਹੁੰਦਾ ਹੈ। ਸਿਰਫ ਰੇਡੀਓਥੈਰੇਪੀ, ਕੀਮੋਥੈਰੇਪੀ ਅਤੇ ਹੁਣ ਇਮਿਉਨੋਥੈਰੇਪੀ ਨੂੰ ਹੀ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਸਹੀ ਮੰਨਿਆ ਜਾਂਦਾ ਹੈ।
ਪ੍ਰੱਗਿਆ ਸਿੰਘ ਠਾਕੁਰ ਨੇ ਦਾਅਵਾ ਕੀਤਾ ਹੈ ਕਿ 9 ਸਾਲ ਪਹਿਲਾਂ ਜਦੋਂ ਮੈਨੂੰ ਬ੍ਰੈਸਟ ਕੈਂਸਰ ਹੋਇਆ ਸੀ ਤਾਂ ਮੈਂ ਗਊ ਮੂਤਰ ਅਤੇ ਆਯੁਰਵੈਦਿਕ ਦਵਾਈਆਂ ਨਾਲ ਹੀ ਇਸ ਦਾ ਇਲਾਜ ਕੀਤਾ ਸੀ ਪਰ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਬ੍ਰੈਸਟ ਅਤੇ ਬਲੱਡ ਕੈਂਸਰ ਇਲਾਜਯੋਗ ਹੁੰਦੇ ਹਨ ਅਤੇ ਇਨ੍ਹਾਂ ਦਾ ਇਲਾਜ ਸਿਰਫ ਸਾਇੰਟਫਿਕ ਢੰਗ ਨਾਲ ਹੋ ਸਕਦਾ ਹੈ। ਜੇ ਕੋਈ ਗਊ ਮੂਤਰ ਨਾਲ ਬ੍ਰੈਸਟ ਕੈਂਸਰ ਠੀਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਕੀ ਉਹ ਆਪਣੀ ਗੱਲ ਕਿਸੇ ਅਧਿਐਨ ਰਾਹੀਂ ਸਾਬਿਤ ਕਰ ਸਕਦਾ ਹੈ?


KamalJeet Singh

Content Editor

Related News