ਕੱਟੜ ਈਮਾਨਦਾਰੀ ਦਾ ਦਾਅਵਾ ਬਣਿਆ ਮਜ਼ਾਕ, ਹੁਣ ਜਨਤਾ ਭਾਜਪਾ ’ਤੇ ਜਤਾਏਗੀ ਭਰੋਸਾ : ਹਰਦੀਪ ਪੂਰੀ
Friday, Jan 24, 2025 - 01:32 PM (IST)
1. ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਤੁਸੀਂ ਕਿੰਨਾ ਅਹਿਮ ਮੰਨਦੇ ਹੋ, ਭਾਜਪਾ ਦੀ ਸਥਿਤੀ ਕੀ ਲੱਗ ਰਹੀ ਹੈ?
ਉੱਤਰ : ਇਹ ਚੋਣਾਂ ਬਹੁਤ ਅਹਿਮ ਹਨ। ਮੈਂ ਇਨ੍ਹਾਂ ਨੂੰ ਹੋਰ ਸੂਬਿਆਂ ਦੀਆਂ ਚੋਣਾਂ ਨਾਲੋਂ ਵੀ ਵੱਧ ਅਹਿਮ ਮੰਨਦਾ ਹਾਂ। ਦਿੱਲੀ ਵਿਚ ਲੱਗਭਗ ਢਾਈ ਕਰੋੜ ਦੀ ਆਬਾਦੀ ਹੈ, ਜਿਸ ਵਿਚ 80 ਲੱਖ ਪੁਰਸ਼ ਤੇ 70 ਲੱਖ ਮਹਿਲਾ ਵੋਟਰ ਹਨ। ਇੱਥੇ ਜਨਤਾ ਵਿਚ ਗੁੱਸਾ ਤੇ ਨਿਰਾਸ਼ਾ ਹੈ, ਜਿਸ ਨੂੰ ਐਂਟੀ-ਇਨਕਮਬੈਂਸੀ ਕਿਹਾ ਜਾ ਸਕਦਾ ਹੈ। ਕੇਜਰੀਵਾਲ ਸਰਕਾਰ ਨੇ ਵੱਡੇ-ਵੱਡੇ ਦਾਅਵੇ ਕੀਤੇ ਪਰ ਉਹ ਸਿਰਫ ਝੂਠੇ ਵਾਅਦੇ ਸਨ। ਦਿੱਲੀ ਦੀ ਜਨਤਾ ਹੁਣ ਇਨ੍ਹਾਂ ਦੀ ਸੱਚਾਈ ਜਾਣ ਚੁੱਕੀ ਹੈ। ਇਸ ਵਾਰ ਜਨਤਾ ਭਾਜਪਾ ਨੂੰ ਮੌਕਾ ਦੇਵੇਗੀ।
2. ‘ਆਪ’ ਦੇ ਆਗੂ ਦੋਸ਼ ਲਾਉਂਦੇ ਹਨ ਕਿ ਦਿੱਲੀ ਵਿਚ ਸੱਤ ਦੇ ਸੱਤ ਸੰਸਦ ਮੈਂਬਰ ਭਾਜਪਾ ਦੇ ਹਨ ਪਰ ਉਹ ਲੋਕਾਂ ਦੀਆਂ ਮੂਲ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੁਝ ਨਹੀਂ ਕਰਦੇ?
ਉੱਤਰ : ਸਥਾਨਕ ਵਿਕਾਸ ਦਾ ਕੰਮ ਕੀ ਸੰਸਦ ਮੈਂਬਰ ਕਰੇਗਾ? ਲੈਂਡ ਸੈਂਟਰ ਦਾ ਮਾਮਲਾ ਹੈ। ਮੈਂ ਤਾਂ ਰਿਹਾ ਹਾਂ ਸੱਤ ਸਾਲ ਮੰਤਰੀ। ਉਹ ਕਹਿੰਦੇ ਹਨ ਮੇਰੇ ਕੋਲ ਇਹ ਪਾਵਰ ਨਹੀਂ ਹੈ, ਹੋਮ ਮਨਿਸਟਰ ਕੋਲ ਇਹ ਪਾਵਰ ਹੈ। ਮੈਂ ਕਹਿੰਦਾ ਹਾਂ ਕਿ ਜਿਹੜੀ ਪਾਵਰ ਤੁਹਾਡੇ ਕੋਲ ਹੈ, ਉਸੇ ਦੀ ਵਰਤੋਂ ਕਰੋ। ਸ਼ੁਕਰ ਹੈ ਤੁਹਾਨੂੰ ਹੋਰ ਪਾਵਰ ਨਹੀਂ ਦਿੱਤੀ। ਦਿੱਤੀ ਹੁੰਦੀ ਤਾਂ ਉਸ ਦਾ ਵੀ ਸੱਤਿਆਨਾਸ਼ ਕਰ ਦਿੰਦੇ। ਯਮੁਨਾ ਨੂੰ ਸਾਫ ਕਰਨਾ ਕਿਸ ਦਾ ਕੰਮ ਹੈ, ਪੰਜਾਬ ਦੇ ਮੁੱਖ ਮੰਤਰੀ ਦਾ, ਹੋਮ ਮਨਿਸਟਰ ਦਾ ਜਾਂ ਕਿਸੇ ਕੇਂਦਰੀ ਮੰਤਰੀ ਦਾ? ਅੱਜ ਦਿੱਲੀ ਵਿਚ ਹਵਾ ਪ੍ਰਦੂਸ਼ਣ ਹੈ, ਇਸ ਨੂੰ ਦੂਰ ਕਰਨਾ ਕਿਸ ਦਾ ਕੰਮ ਹੈ? ਕਹਿੰਦੇ ਹਨ ਅਸੀਂ ਪੂਰਵਾਂਚਲੀਆਂ ਦੇ ਨਾਲ ਹਾਂ ਪਰ ਇਹ ਗਲਤ ਹੈ। ਮਹਾਮਾਰੀ ਦੌਰਾਨ ਬੱਸਾਂ ਭਰ-ਭਰ ਕੇ ਪੂਰਵਾਂਚਲੀ ਭਰਾਵਾਂ ਨੂੰ ਆਨੰਦ ਵਿਹਾਰ ਛੱਡ ਦਿੱਤਾ।
3. ਪ੍ਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਵਿਚ ਪੰਜਾਬ ਦੀਆਂ ਗੱਡੀਆਂ ਘੁੰਮ ਰਹੀਆਂ ਹਨ। ਉਨ੍ਹਾਂ ਉੱਪਰ ਪੰਜਾਬ ਸਰਕਾਰ ਦੇ ਸਟਿੱਕਰ ਲੱਗੇ ਹਨ। ਸ਼ਰਾਬ ਵੰਡੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਪੰਜਾਬੀਆਂ ਦਾ ਅਪਮਾਨ ਹੈ?
ਉੱਤਰ : ਪ੍ਰਵੇਸ਼ ਵਰਮਾ ਨੇ ਪੰਜਾਬੀਆਂ ਦੀ ਨਹੀਂ, ਪੰਜਾਬ ਤੋਂ ਜਿਹੜੀਆਂ ਗੱਡੀਆਂ ਆਈਆਂ ਹਨ, ਉਨ੍ਹਾਂ ਦੀ ਗੱਲ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਗੱਡੀਆਂ ਦਾ ਕਾਫਲਾ ਲੈ ਕੇ ਚੱਲਦੇ ਹਨ। 27 ਗੱਡੀਆਂ ਚੱਲਦੀਆਂ ਹਨ ਉਨ੍ਹਾਂ ਦੇ ਨਾਲ। ਸੰਭਵ ਤੌਰ ’ਤੇ ਉਸ ਦੀ ਗੱਲ ਹੀ ਕੀਤੀ ਹੋਵੇਗੀ ਪ੍ਰਵੇਸ਼ ਵਰਮਾ ਨੇ, ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।
4. ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਬਿਜਲੀ-ਪਾਣੀ ਮੁਫਤ ਕਰ ਦਿੱਤਾ, ਸਿੱਖਿਆ ਤੇ ਸਿਹਤ ਨੂੰ ਬਿਹਤਰ ਬਣਾਇਆ। ਇਸ ’ਤੇ ਤੁਸੀਂ ਕੀ ਕਹੋਗੇ?
ਉੱਤਰ : ਇਹ ਸਿਰਫ ਖੋਖਲੇ ਦਾਅਵੇ ਹਨ। ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਉਨ੍ਹਾਂ ਵਿਸ਼ਵ ਪੱਧਰੀ ਪ੍ਰਬੰਧਾਂ ਦਾ ਵਾਅਦਾ ਕੀਤਾ ਸੀ ਪਰ ਨਾ ਤਾਂ ਕੋਈ ਨਵਾਂ ਸਕੂਲ ਬਣਿਆ ਅਤੇ ਨਾ ਹੀ ਹਸਪਤਾਲ। ਉਨ੍ਹਾਂ ਪੁਰਾਣੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਨਾਂ ’ਤੇ ਝੂਠੇ ਦਾਅਵੇ ਕੀਤੇ। ਜਿੱਥੋਂ ਤਕ ਬਿਜਲੀ ਦੀ ਗੱਲ ਹੈ, ਉਨ੍ਹਾਂ ਮੁਫਤ ਬਿਜਲੀ ਦਾ ਦਾਅਵਾ ਕੀਤਾ ਹੈ ਪਰ ਜਨਤਾ ਦੇ ਬਿੱਲ ਲਗਾਤਾਰ ਵਧਦੇ ਜਾ ਰਹੇ ਹਨ। ਟਾਇਲਟ ਬਣਾਉਣ ਨੂੰ ਵੀ ਕਲਾਸ ਰੂਮ ਵਿਚ ਗਿਣਾਇਆ ਗਿਆ। ਇਹ ਸਭ ਸਿਰਫ ਪ੍ਰਚਾਰ ਦੀ ਸਿਆਸਤ ਹੈ।
5. ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਕੱਟੜ ਈਮਾਨਦਾਰ ਹਨ। ਤੁਸੀਂ ਇਸ ’ਤੇ ਕੀ ਕਹੋਗੇ?
ਉੱਤਰ : ਕੇਜਰੀਵਾਲ ਦਾ ਕੱਟੜ ਈਮਾਨਦਾਰੀ ਦਾ ਦਾਅਵਾ ਹੁਣ ਸਿਰਫ ਇਕ ਮਜ਼ਾਕ ਬਣ ਚੁੱਕਾ ਹੈ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਉਹ ਸਿਆਸਤ ਵਿਚ ਨਹੀਂ ਆਉਣਗੇ। ਫਿਰ ਕਿਹਾ ਕਿ ਉਹ ਜਨਤਾ ਨਾਲ ਸਿੱਧੇ ਜੁੜੇ ਰਹਿਣਗੇ ਪਰ ਅੱਜ ਉਨ੍ਹਾਂ ਦੇ ਆਪਣੇ ਦਾਅਵੇ ਹੀ ਉਨ੍ਹਾਂ ਦੇ ਖਿਲਾਫ ਖੜ੍ਹੇ ਹਨ। ਉਨ੍ਹਾਂ 2015 ’ਚ ਕਿਹਾ ਸੀ ਕਿ ਜੇ ਯਮੁਨਾ ਨੂੰ ਸਾਫ ਨਾ ਕਰ ਸਕੇ ਤਾਂ ਅਗਲੀ ਵਾਰ ਵੋਟ ਮੰਗਣ ਨਹੀਂ ਆਉਣਗੇ। 2020 ’ਚ ਵੀ ਉਹੀ ਵਾਅਦਾ ਦੁਹਰਾਇਆ। ਅੱਜ ਯਮੁਨਾ ਦੀ ਸਥਿਤੀ ਪਹਿਲਾਂ ਨਾਲੋਂ ਵੀ ਬਦਤਰ ਹੈ।
6. ਆਮ ਆਦਮੀ ਪਾਰਟੀ ਦੋਸ਼ ਲਾਉਂਦੀ ਹੈ ਕਿ ਭਾਜਪਾ ਦਿੱਲੀ ਵਿਚ ਵਿਕਾਸ ਨਹੀਂ ਕਰਨ ਦਿੰਦੀ। ਤੁਸੀਂ ਇਸ ’ਤੇ ਕੁਝ ਕਹਿਣਾ ਚਾਹੋਗੇ?
ਉੱਤਰ : ਇਹ ਸਰਾਸਰ ਝੂਠ ਹੈ। ਭਾਜਪਾ ਨੇ ਮੈਟਰੋ ਦੇ ਵਿਸਤਾਰ, ਆਰ. ਆਰ. ਟੀ. ਐੱਸ. (ਰੈਪਿਡ ਰੇਲ ਟਰਾਂਜ਼ਿਟ ਸਿਸਟਮ) ਅਤੇ ਹੋਰ ਵੱਡੇ ਪ੍ਰਾਜੈਕਟ ਪੂਰੇ ਕੀਤੇ ਹਨ। ਮੈਟਰੋ ਨੂੰ ਵਾਜਪਾਈ ਜੀ ਨੇ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਦੁਨੀਆ ਦੀ ਤੀਜੀ ਸਭ ਤੋਂ ਬਿਹਤਰੀਨ ਮੈਟਰੋ ਪ੍ਰਣਾਲੀ ਹੈ। ਆਮ ਆਦਮੀ ਪਾਰਟੀ ਨੇ ਸਿਰਫ ਝੂਠੇ ਵਾਅਦੇ ਕੀਤੇ ਅਤੇ ਵਿਕਾਸ ਨੂੰ ਰੋਕਣ ਦਾ ਕੰਮ ਕੀਤਾ।
7. ਦਿੱਲੀ ਵਿਚ ਪ੍ਰਦੂਸ਼ਣ ਦੀ ਸਮੱਸਿਆ ’ਤੇ ਅਕਸਰ ਬਹਿਸ ਹੁੰਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦਿਸ਼ਾ ’ਚ ਕੁਝ ਠੋਸ ਕਦਮ ਨਹੀਂ ਚੁੱਕੇ ਗਏ?
ਉੱਤਰ : ਦਿੱਲੀ ਦਾ ਪ੍ਰਦੂਸ਼ਣ ਇਕ ਬਹੁਤ ਗੰਭੀਰ ਸਮੱਸਿਆ ਹੈ, ਜੋ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਮੈਂ ਮੰਨਦਾ ਹਾਂ ਕਿ ਇਸ ਦੇ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਦਿੱਲੀ ਵਿਚ ਪ੍ਰਦੂਸ਼ਣ ਕਾਰਨ ਜਨਤਾ ਬਹੁਤ ਪ੍ਰੇਸ਼ਾਨ ਹੈ। ਯਮੁਨਾ ਨਦੀ ਦੀ ਹਾਲਤ ਵੇਖ ਲਵੋ, ਝੱਗ ਤੇ ਗੰਦਗੀ ਨੇ ਇਸ ਨੂੰ ਬਰਬਾਦ ਕਰ ਦਿੱਤਾ ਹੈ। ਸਿਰਫ ਗੱਲਾਂ ਕਰਨ ਨਾਲ ਹੱਲ ਨਹੀਂ ਨਿਕਲੇਗਾ। ਠੋਸ ਯੋਜਨਾ ਤੇ ਉਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਣਾ ਵੀ ਜ਼ਰੂਰੀ ਹੈ।
8. ਦਿੱਲੀ ਦੀ ਸਿਆਸਤ ਨੂੰ ਤੁਸੀਂ ਕਿਸ ਖੇਡ ਦੇ ਬਰਾਬਰ ਮੰਨਦੇ ਹੋ, ਸ਼ਤਰੰਜ ਜਾਂ ਕੈਰਮ ਦੇ?
ਉੱਤਰ : ਸ਼ਤਰੰਜ ਜਾਂ ਕੈਰਮ, ਮੈਂ ਇਹ ਤਾਂ ਨਹੀਂ ਕਹਿ ਸਕਦਾ ਪਰ ਕੇਜਰੀਵਾਲ ਦੀ ਗੇਮ ਓਵਰ ਹੋ ਗਈ ਹੈ। ਜਨਤਾ ਦਾ ਮੂਡ ਸਪਸ਼ਟ ਹੈ ਅਤੇ ਮੈਨੂੰ ਜੋ ਫੀਡਬੈਕ ਮਿਲ ਰਿਹਾ ਹੈ, ਉਸ ਤੋਂ ਤੈਅ ਹੈ ਕਿ ਇਸ ਵਾਰ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਚੰਗੀ ਰਹੇਗੀ।
9. ਤੁਸੀਂ ਦਿੱਲੀ ਵਿਚ ਘੁੰਮ ਰਹੇ ਹੋ, ਕੈਂਪੇਨ ਕਰ ਰਹੇ ਹੋ। ਲੋਕ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੱਸ ਰਹੇ ਹਨ?
ਉੱਤਰ : ਮੈਂ ਖੁਦ ਮੁੱਖ ਮੰਤਰੀ ਆਤਿਸ਼ੀ ਦੇ ਵਿਧਾਨ ਸਭਾ ਹਲਕੇ ਕਾਲਕਾਜੀ ’ਚ ਗਿਆ। ਉੱਥੇ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 2300 ਵਿਅਕਤੀਆਂ ਨੂੰ ਝੁੱਗੀ-ਝੌਂਪੜੀਆਂ ’ਚੋਂ ਕੱਢ ਕੇ ਘਰ ਦਿੱਤਾ ਹੈ। ਹਾਲਾਂਕਿ ਪਾਣੀ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਡੀ. ਡੀ. ਏ. ਨੇ ਜਲ ਬੋਰਡ ’ਚ 65 ਲੱਖ ਰੁਪਏ ਜਮ੍ਹਾ ਕੀਤੇ ਹਨ ਪਰ ਫਿਰ ਵੀ ਪਾਣੀ ਦੀ ਸਪਲਾਈ ’ਚ ਰੁਕਾਵਟ ਆ ਰਹੀ ਹੈ। ਜਲ ਟੈਂਕਰ ਸੇਵਾ ’ਚ ਕਮਿਸ਼ਨ ਦੀ ਖੇਡ ਚੱਲ ਰਹੀ ਹੈ। ਮੁੱਖ ਮੰਤਰੀ ਦੇ ਜਲ ਬੋਰਡ ਦੀ ਪ੍ਰਧਾਨ ਹੋਣ ਦੇ ਬਾਵਜੂਦ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ। ਇਹ ਸਮੱਸਿਆ ਦਿੱਲੀ ਲਈ ਗੰਭੀਰ ਹੈ।
10. ਝੁੱਗੀ-ਝੌਂਪੜੀਆਂ ਦੀ ਜਗ੍ਹਾ ਮਕਾਨ ਦਿੱਤੇ ਗਏ ਪਰ ਤੁਸੀਂ ਕਹਿੰਦੇ ਹੋ ਕਿ ਚੋਣਾਂ ਆਈਆਂ ਤਾਂ ਫਲੈਟ ਦੇ ਰਹੇ ਹਨ?
ਉੱਤਰ : ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ ਅਤੇ ਸਾਰੇ ਲੋਕਾਂ ਨੂੰ ਮਕਾਨਾਂ ਦਾ ਲਾਭ ਜ਼ਰੂਰ ਮਿਲੇਗਾ। ਪਹਿਲਾਂ ਗਰੀਬ ਨੂੰ ਗਰੀਬ ਬਣਾ ਕੇ ਰੱਖਣ ਦਾ ਕੰਮ ਕੀਤਾ ਜਾਂਦਾ ਸੀ। ਉਦਾਹਰਣ ਵਜੋਂ ਰਾਇਬਰੇਲੀ ਤੇ ਅਮੇਠੀ ’ਚ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਵੇਖੋ, ਜਿੱਥੇ ਵਿਕਾਸ ਦਾ ਕੰਮ ਬਹੁਤ ਘੱਟ ਹੋਇਆ। ਸਾਡਾ ਮਨੋਰਥ ਲੋਕਾਂ ਨੂੰ ਮਜ਼ਬੂਤ ਬਣਾਉਣਾ ਹੈ, ਨਾ ਕਿ ਉਨ੍ਹਾਂ ਦਾ ਸ਼ੋਸ਼ਣ ਕਰਨਾ।
11. ਕੇਜਰੀਵਾਲ ਦਾਅਵਾ ਕਰਦੇ ਹਨ ਕਿ ਭਾਜਪਾ ਦਿੱਲੀ ਵਿਚ ਸਹੀ ਕੰਮ ਨਹੀਂ ਕਰ ਰਹੀ। ਤੁਸੀਂ ਇਸ ਦਾ ਕੀ ਜਵਾਬ ਦਿਓਗੇ?
ਉੱਤਰ : ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਸਿਰਫ ਝੂਠੇ ਦੋਸ਼ ਲਾ ਰਹੇ ਹਨ। ਜੇ ਤੁਸੀਂ ਸਾਡੇ ਕੰਮ ਨੂੰ ਵੇਖੋ ਤਾਂ ਪਤਾ ਲੱਗੇਗਾ ਕਿ ਅਸੀਂ ਦਿੱਲੀ ਵਿਚ ਮੈਟਰੋ ਵਿਸਤਾਰ, ਰੈਪਿਡ ਰੇਲ ਅਤੇ ਹੋਰ ਬੁਨਿਆਦੀ ਪ੍ਰਾਜੈਕਟਾਂ ’ਤੇ ਲਗਾਤਾਰ ਕੰਮ ਕਰ ਰਹੇ ਹਾਂ। ਅਸੀਂ ਸਿਰਫ ਵਾਅਦੇ ਨਹੀਂ ਕਰਦੇ, ਸਗੋਂ ਕੰਮ ਕਰ ਕੇ ਵਿਖਾਉਂਦੇ ਹਾਂ।
12. ਕੇਜਰੀਵਾਲ ਇਹ ਵੀ ਦੋਸ਼ ਲਾਉਂਦੇ ਹਨ ਕਿ ਦਿੱਲੀ ਵਿਚ ਅਪਰਾਧ ਵਧਦਾ ਜਾ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਵਿਚ ਅਪਰਾਧ ਦੀ ਸਥਿਤੀ ਖਰਾਬ ਹੈ?
ਉੱਤਰ : ਇਹ ਬਿਲਕੁਲ ਗਲਤ ਹੈ। ਦਿੱਲੀ ਵਿਚ ਅਪਰਾਧ ਦੀ ਸਥਿਤੀ ਇੰਨੀ ਖਰਾਬ ਨਹੀਂ ਜਿੰਨਾ ਕੇਜਰੀਵਾਲ ਦਾਅਵਾ ਕਰਦੇ ਹਨ। ਉਹ ਬਸ ਜਨਤਾ ਦਾ ਧਿਆਨ ਭਟਕਾਉਣ ਲਈ ਅਜਿਹਾ ਕਹਿ ਰਹੇ ਹਨ। ਨਸ਼ਾ ਮਾਫੀਆ ਤੇ ਡਰੱਗਜ਼ ਸਿੰਡੀਕੇਟ ਦੀ ਸਮੱਸਿਆ ਪੰਜਾਬ ਵਿਚ ਵੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਦਿੱਲੀ ਵਿਚ ਸਥਿਤੀ ਓਨੀ ਖਰਾਬ ਹੈ। ਕੇਜਰੀਵਾਲ ਦਾ ਅਪਰਾਧਾਂ ਨੂੰ ਰੋਕਣ ’ਚ ਕੋਈ ਰਿਕਾਰਡ ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਰਹੀ ਹੈ।
13. ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ ਹਨ ਕਿ ਭਾਜਪਾ ਚੋਣ ਮੈਨੀਫੈਸਟੋ ਵਿਚ ਸਿਰਫ ਵਾਅਦੇ ਕਰਦੀ ਹੈ ਅਤੇ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਉੱਤਰ : ਇਹ ਦੋਸ਼ ਪੂਰੀ ਤਰ੍ਹਾਂ ਗਲਤ ਹੈ। ਭਾਜਪਾ ਦਾ ਕੰਮ ਹਮੇਸ਼ਾ ਪਾਰਦਰਸ਼ੀ ਤੇ ਅਸਲੀ ਰਿਹਾ ਹੈ। ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਪੂਰਾ ਕਰਨ ’ਚ ਯਕੀਨ ਰੱਖਦੇ ਹਾਂ। ਉਦਾਹਰਣ ਵਜੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਸੀਂ 4 ਕਰੋੜ ਘਰ ਦਿੱਤੇ ਅਤੇ ਹੁਣ ਹੋਰ 3 ਕਰੋੜ ਘਰ ਦੇਣ ਦੀ ਯੋਜਨਾ ਹੈ। ਇਹੀ ਭਾਜਪਾ ਦਾ ਕੰਮ ਕਰਨ ਦਾ ਤਰੀਕਾ ਹੈ। ਅਸੀਂ ਜਿਹੜਾ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ।
14. ਦਿੱਲੀ ਵਿਚ ਪ੍ਰਦੂਸ਼ਣ ਤੇ ਕੂੜੇ ਦੀ ਸਮੱਸਿਆ ਬਹੁਤ ਗੰਭੀਰ ਹੈ। ਕੀ ਤੁਸੀਂ ਲੋਕਾਂ ਨੂੰ ਇਹ ਭਰੋਸਾ ਦਿਵਾ ਸਕਦੇ ਹੋ ਕਿ ਤੁਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢੋਗੇ?
ਉੱਤਰ : ਪ੍ਰਦੂਸ਼ਣ ਤੇ ਕੂੜੇ ਦੀ ਸਮੱਸਿਆ ਦਿੱਲੀ ਵਿਚ ਗੰਭੀਰ ਹੈ ਪਰ ਅਸੀਂ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਗੰਗਾ ਨੂੰ ਸਾਫ ਕੀਤਾ ਹੈ ਅਤੇ ਉੱਥੇ ਪਾਣੀ ਪੀਣ ਲਾਇਕ ਬਣ ਗਿਆ ਹੈ। ਜੇ ਅਸੀਂ ਉੱਥੇ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਤਾਂ ਦਿੱਲੀ ਵਿਚ ਵੀ ਪ੍ਰਦੂਸ਼ਣ ਤੇ ਕੂੜੇ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਗਾਜ਼ੀਪੁਰ ’ਚ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਅਸੀਂ ਬਾਇਓ-ਰੈਮੇਡੀਏਸ਼ਨ ਦੇ ਕਾਂਟ੍ਰੈਕਟ ਦਿੱਤੇ ਹਨ। ਜੇ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਾਗੂ ਕਰੇ ਤਾਂ ਸਥਿਤੀ ਵਿਚ ਸੁਧਾਰ ਹੋ ਸਕਦਾ ਹੈ।
15. ਸਿੱਖਿਆ ਦੇ ਖੇਤਰ ਵਿਚ ਭਾਜਪਾ ਦੀ ਕੀ ਯੋਜਨਾ ਹੈ?
ਉੱਤਰ : ਸਿੱਖਿਆ ਨੂੰ ਅਸੀਂ ਆਪਣੀ ਸਭ ਤੋਂ ਵੱਡੀ ਤਰਜੀਹ ਮੰਨਦੇ ਹਾਂ। ਹੁਣੇ ਜਿਹੇ ਅਸੀਂ 85 ਨਵੇਂ ਕੇਂਦਰੀ ਸਕੂਲਾਂ ਦੀ ਮਨਜ਼ੂਰੀ ਦਿੱਤੀ ਹੈ। ਅਸੀਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ। ਸਿੱਖਿਆ ਦੇ ਖੇਤਰ ਵਿਚ ਕਈ ਸੁਧਾਰ ਕੀਤੇ ਗਏ ਹਨ ਅਤੇ ਅਸੀਂ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਾਂ।
16. ਭਾਜਪਾ ਨੂੰ ਦਿੱਲੀ ਦੀ ਜਨਤਾ ਵੋਟ ਕਿਉਂ ਪਾਵੇ?
ਉੱਤਰ : ਦਿੱਲੀ ਦੀ ਜਨਤਾ ਨੂੰ ਸਾਡੇ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਕਰ ਕੇ ਵਿਖਾਉਂਦੇ ਹਾਂ। ਅਸੀਂ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ। ਅਸੀਂ ਪਹਿਲਾਂ ਹੀ ਇਸ ਕਾਰਨ ਕਈ ਖੇਤਰਾਂ ਵਿਚ ਸਫਲਤਾ ਹਾਸਲ ਕਰ ਚੁੱਕੇ ਹਾਂ।
17. ਕੇਂਦਰ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਤਾਂ ਸੁਣਾਈ ਨਹੀਂ ਦਿੰਦਾ ਪਰ ਹੇਠਲੇ ਪੱਧਰ ’ਤੇ ਹੈ। ਸੂਬਿਆਂ ਵਿਚ ਵੀ ਸੁਧਾਰ ਨਹੀਂ ਹੋਇਆ।
ਉੱਤਰ : ਮੋਦੀ ਦੇ ਰਾਜ ਵਿਚ ਤੁਸੀਂ ਕੋਈ ਭ੍ਰਿਸ਼ਟਾਚਾਰ ਨਹੀਂ ਸੁਣਿਆ ਹੋਵੇਗਾ। ਭਾਜਪਾ ਦੀਆਂ ਸੂਬਾ ਸਰਕਾਰਾਂ ’ਚ 100 ਫੀਸਦੀ ਭ੍ਰਿਸ਼ਟਾਚਾਰ ਨਾ ਹੋਣ ਦੀ ਗੱਲ ਮੈਂ ਨਹੀਂ ਕਰਦਾ ਪਰ ਅਸੀਂ ਕੰਟਰੋਲ ਕਰ ਰਹੇ ਹਾਂ ਅਤੇ ਅੱਗੇ ਵੀ ਕਰਾਂਗੇ।
18. ਦਿੱਲੀ ਵਿਚ ਸੀ. ਐੱਮ.-ਐੱਲ. ਜੀ. ਵਿਚਾਲੇ ਖਿੱਚੋਤਾਣ ਹੁੰਦੀ ਰਹਿੰਦੀ ਹੈ। ਇਸ ਦਾ ਵਿਕਾਸ ’ਤੇ ਉਲਟ ਅਸਰ ਪੈਂਦਾ ਹੈ। ਤੁਸੀਂ ਕੀ ਕਹੋਗੇ?
ਉੱਤਰ : ਇਹ ਸੱਚ ਹੈ ਕਿ ਦਿੱਲੀ ਵਿਚ ਮੁੱਖ ਮੰਤਰੀ ਤੇ ਐੱਲ. ਜੀ. ਵਿਚਾਲੇ ਖਿੱਚੋਤਾਣ ਦੀ ਸਥਿਤੀ ਰਹਿੰਦੀ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦਿੱਲੀ ਵਿਚ ਕੇਂਦਰ ਤੇ ਸੂਬਾ ਸਰਕਾਰ ਵੱਖ-ਵੱਖ ਪਾਰਟੀਆਂ ਦੀਆਂ ਹਨ। ਪਹਿਲਾਂ ਵੀ ਅਜਿਹਾ ਹੋਇਆ ਹੈ ਪਰ ਉਸ ਵੇਲੇ ਇਸ ਤਰ੍ਹਾਂ ਦਾ ਟਕਰਾਅ ਨਹੀਂ ਵੇਖਿਆ ਗਿਆ ਜਿਵੇਂ ਸ਼ੀਲਾ ਦੀਕਸ਼ਿਤ ਵੇਲੇ ਜਾਂ ਉਸ ਤੋਂ ਪਹਿਲਾਂ ਮਦਨ ਲਾਲ ਖੁਰਾਣਾ ਵੇਲੇ, ਰਿਸ਼ਤੇ ਹਮੇਸ਼ਾ ਆਮ ਵਰਗੇ ਰਹੇ। ਇਹ ਟਕਰਾਅ ਦਿੱਲੀ ਵਾਸੀਆਂ ਲਈ ਠੀਕ ਨਹੀਂ। ਜਨਤਾ ਨੂੰ ਇਸ ਤੋਂ ਫਾਇਦਾ ਨਹੀਂ ਹੋ ਰਿਹਾ। ਇਸ ਨਾਲ ਵਿਕਾਸ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਹਨ।
19. ‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਚੌਥੀ ਵਾਰ ਸਰਕਾਰ ਬਣਾਏਗੀ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਉੱਤਰ : ਜਦੋਂ ਲੋਕ ਹਾਰ ਦੇ ਕੰਢੇ ’ਤੇ ਹੁੰਦੇ ਹਨ ਤਾਂ ਇਸ ਤਰ੍ਹਾਂ ਦੇ ਦਾਅਵੇ ਕਰਦੇ ਹਨ ਪਰ ਜ਼ਮੀਨੀ ਹਕੀਕਤ ਵੱਖਰੀ ਹੈ। ਦਿੱਲੀ ਵਾਸੀ ਹੁਣ ਉਨ੍ਹਾਂ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ ਪਰ ਹੁਣ ਉਨ੍ਹਾਂ ਦੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਭ ਤੋਂ ਅੱਗੇ ਹੈ। ਜਨਤਾ ਨੂੰ ਇਸ ਹੁਣ ਉਨ੍ਹਾਂ ਦੀ ਸੱਚਾਈ ਸਮਝ ਆ ਗਈ ਹੈ।