CAA ''ਤੇ ਪ੍ਰਦਰਸ਼ਨ : ਹਿਰਾਸਤ ''ਚ ਕਈ ਨੇਤਾ, ਪ੍ਰਿਅੰਕਾ ਬੋਲੀ- ਆਵਾਜ਼ਾਂ ਬੰਦ ਕੀਤੀਆਂ ਜਾ ਰਹੀਆਂ

Thursday, Dec 19, 2019 - 01:58 PM (IST)

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਦਿੱਲੀ ਦੇ ਕੁਝ ਇਲਾਕਿਆਂ 'ਚ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਮੋਬਾਇਲ ਇੰਟਰਨੈੱਟ-ਕਾਲਿੰਗ ਸੇਵਾ ਬੰਦ ਕਰ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ ਦਿੱਲੀ ਵਿਚ ਤਿੰਨ ਦਰਜਨ ਤੋਂ ਵਧ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੇ ਟਰੇਨਾਂ ਨਹੀਂ ਰੁਕ ਰਹੀਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਇਸ ਦਰਮਿਆਨ ਪ੍ਰਦਰਸ਼ਨ ਕਰਨ ਉਤਰੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕਾਂਗਰਸ ਨੇਤਾ ਸੰਦੀਪ ਦੀਕਸ਼ਿਤ, ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ ਸਮੇਤ ਕਈ ਨੇਤਾਵਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਲਾਲ ਕਿਲਾ, ਮੰਡੀ ਹਾਊਸ ਸਮੇਤ ਹੋਰ ਇਲਾਕਿਆਂ ਵਿਚ ਪੁੱਜੇ ਨੇਤਾਵਾਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ।

PunjabKesari

ਨੇਤਾਵਾਂ ਦੇ ਵਿਰੋਧ ਪ੍ਰਦਰਸ਼ਨ ਦਰਮਿਆਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ, ''ਮੈਟਰੋ ਸਟੇਸ਼ਨ ਬੰਦ ਹਨ, ਇੰਟਰਨੈੱਟ ਬੰਦ ਹਨ। ਹਰ ਥਾਂ ਧਾਰਾ-144 ਲਾਗੂ ਹੈ। ਕਿਸੇ  ਥਾਂ ਆਵਾਜ਼ ਚੁੱਕਣ ਦੀ ਇਜਾਜ਼ਤ ਨਹੀਂ ਹੈ। ਜਿਨ੍ਹਾਂ ਨੇ ਅੱਜ ਟੈਕਸਪੇਅਰਸ (ਟੈਕਸ ਦੇਣ ਵਾਲਿਆਂ) ਦਾ ਪੈਸਾ ਖਰਚ ਕਰ ਕੇ ਕਰੋੜਾਂ ਦੇ ਇਸ਼ਤਿਹਾਰ ਲੋਕਾਂ ਨੂੰ ਸਮਝਾਉਣ ਲਈ ਕੱਢਿਆ ਹੈ, ਉਹ ਹੀ ਲੋਕ ਅੱਜ ਜਨਤਾ ਦੀ ਆਵਾਜ਼ ਤੋਂ ਇੰਨਾ ਬੌਖਲਾਏ ਹੋਏ ਹਨ ਕਿ ਸਾਰਿਆਂ ਦੀਆਂ ਆਵਾਜ਼ਾਂ ਬੰਦ ਕਰ ਰਹੇ ਹਨ।'' ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਪਰ ਇੰਨਾ ਸਮਝ ਲਵੋ ਕਿ ਜਿੰਨੀਆਂ ਆਵਾਜ਼ਾਂ ਦਬਾਉਗੇ, ਓਨੀਂ ਤੇਜ਼ ਆਵਾਜ਼ ਉਠੇਗੀ।


Tanu

Content Editor

Related News