ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਅੱਜ ਵੀ ਮੌਜੂਦਾ ਸਿਆਸਤ ’ਚ ਢੁਕਵੀਆਂ: ਅਭੈ ਚੌਟਾਲਾ

Monday, Aug 01, 2022 - 04:02 PM (IST)

ਸਿਰਸਾ- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਸੋਮਵਾਰ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਮੌਜੂਦਾ ਸਿਆਸੀ ਮਾਹੌਲ 'ਚ ਅੱਜ ਵੀ ਢੁਕਵੀਆਂ ਹਨ ਕਿਉਂਕਿ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਉਨ੍ਹਾਂ ਦੇ ਬੇਰੁਜ਼ਗਾਰੀ ਭੱਤਾ ਅਤੇ ਪੈਨਸ਼ਨ ਨੀਤੀ ਨੂੰ ਲਾਗੂ ਕੀਤਾ ਹੈ।

ਚੌਟਾਲਾ ਨੇ ਰਾਣੀਆਂ ਹਲਕੇ ਦੇ ਆਪਣੇ ਚਾਰ ਦਿਨਾਂ ਜਨ ਸੰਪਰਕ ਮੁਹਿੰਮ ਦੇ ਆਖ਼ਰੀ ਦਿਨ ਭੰਬੂਰ, ਮੰਗਲਾ, ਢਾਣੀ ਕਾਹਨ ਸਿੰਘ, ਟੀਟੂਖੇੜਾ, ਨਾਨਕਪੁਰ, ਚਕਰਾਈਆਂ, ਗਿੱਦੜਾਂਵਾਲੀ, ਮੌਜਦੀਨ, ਫ਼ਿਰੋਜ਼ਾਬਾਦ ਅਤੇ ਓਟੂ ਸਮੇਤ ਕਰੀਬ 24 ਪਿੰਡਾਂ ’ਚ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਹਰਿਆਣਾ ਦੀ ਬਦਕਿਸਮਤੀ ਹੈ ਕਿ ਮੌਜੂਦਾ ਭਾਜਪਾ-ਜੇ.ਜੇ.ਪੀ ਗੱਠਜੋੜ ਸਰਕਾਰ ਨੇ ਸੂਬੇ ਦੇ ਲੱਖਾਂ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਉਨ੍ਹਾਂ ਦੀ ਆਮਦਨ ਨੂੰ ਆਧਾਰ ਬਣਾ ਕੇ ਕੱਟ ਦਿੱਤੀ ਹੈ, ਜਿਸ ਨੂੰ ਲੈ ਕੇ ਅਜਿਹੇ ਬਜ਼ੁਰਗ 5 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣਗੇ।

ਅਭੈ ਚੌਟਾਲਾ ਨੇ  ਪਿੰਡ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਵਰਗੇ ਮਹਾਨ ਵਿਅਕਤੀ ਅਮਰ ਹਨ, ਜੋ ਲੋਕਾਂ ਦੇ ਦਿਲ ਅਤੇ ਦਿਮਾਗ਼ ’ਚ ਹਮੇਸ਼ਾ ਲਈ ਜ਼ਿੰਦਾ ਰਹਿੰਦੇ ਹਨ। ਅਜਿਹੇ ਮਹਾਨ ਪੁਰਸ਼ ਦੀ ਜਯੰਤੀ 'ਤੇ 25 ਸਤੰਬਰ ਨੂੰ ਫਤਿਹਾਬਾਦ ਵਿਖੇ ਹੋਣ ਵਾਲੇ ਸਨਮਾਨ ਦਿਵਸ ਸਮਾਗਮ 'ਚ ਸੂਬੇ ਭਰ ਤੋਂ ਲੱਖਾਂ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਸ੍ਰੀ ਚੌਟਾਲਾ ਨੇ ਕਿਹਾ ਕਿ ਮੌਜੂਦਾ ਗੱਠਜੋੜ ਸਰਕਾਰ ਵਿਚ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਦਾ ਬੋਲਬਾਲਾ ਹੈ। ਮੌਜੂਦਾ ਸ਼ਾਸਨ ਵਿਚ ਕਈ ਘੁਟਾਲੇ ਹੋਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਰਕਾਰ ਨੇ ਇਨ੍ਹਾਂ ਘੁਟਾਲਿਆਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਹੈ। 

ਚੌਟਾਲਾ ਨੇ ਚਿੰਤਾ ਜ਼ਾਹਰ ਕੀਤੀ ਕਿ ਰਾਣੀਆਂ ਹਲਕੇ ’ਚ ਪਿਛਲੇ ਕੁਝ ਸਮੇਂ ਦੌਰਾਨ ਨਸ਼ਿਆਂ ਦੇ ਪ੍ਰਭਾਵ ਕਾਰਨ ਕੁਝ ਨੌਜਵਾਨਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਸਰਕਾਰ ਡਰੱਗ ਮਾਫੀਆ ਨੂੰ ਸ਼ਹਿ ਦੇ ਰਹੀ ਹੈ। ਇਨੈਲੋ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਜੇਕਰ ਇਨੈਲੋ ਸੂਬੇ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਸੱਤਾ ਵਿਚ ਆਉਂਦੀ ਹੈ ਤਾਂ ਇਹ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਧੱਕੇਗੀ ਅਤੇ ਸੂਬੇ ’ਚ ਅਮਨ-ਕਾਨੂੰਨ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ।


Tanu

Content Editor

Related News