ਚੀਨੀ ਸੈਲਾਨੀ ਦੀ ਸ਼ਰਮਨਾਕ ਕਰਤੂਤ: ਤਿੱਬਤੀ ਮੱਠ ਦੀ ਪਵਿੱਤਰਤਾ ਕੀਤੀ ਭੰਗ, ਵੀਡੀਓ ਵਾਇਰਲ

Saturday, Jan 10, 2026 - 06:59 PM (IST)

ਚੀਨੀ ਸੈਲਾਨੀ ਦੀ ਸ਼ਰਮਨਾਕ ਕਰਤੂਤ: ਤਿੱਬਤੀ ਮੱਠ ਦੀ ਪਵਿੱਤਰਤਾ ਕੀਤੀ ਭੰਗ, ਵੀਡੀਓ ਵਾਇਰਲ

ਵੈੱਬ ਡੈਸਕ : ਤਿੱਬਤੀ ਬੋਧ ਭਾਈਚਾਰੇ 'ਚ ਉਸ ਸਮੇਂ ਭਾਰੀ ਗੁੱਸੇ ਦੀ ਲਹਿਰ ਦੌੜ ਗਈ, ਜਦੋਂ ਚੀਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇੱਕ ਚੀਨੀ ਸੈਲਾਨੀ ਨੂੰ ਤਿੱਬਤੀ ਬੋਧ ਮੱਠ ਦੇ ਅੰਦਰ ਪਵਿੱਤਰ ਵਸਤੂਆਂ ਦਾ ਅਪਮਾਨ ਕਰਦੇ ਹੋਏ ਦੇਖਿਆ ਗਿਆ। ਤਿੱਬਤੀ ਸਮਾਚਾਰ ਪੋਰਟਲ 'ਫ਼ਾਇੁਲ' ਦੀ ਰਿਪੋਰਟ ਅਨੁਸਾਰ, ਵੀਡੀਓ ਵਿੱਚ ਸੈਲਾਨੀ ਮੱਠ ਦੀ ਵੇਦੀ 'ਤੇ ਰੱਖੇ ਪ੍ਰਸ਼ਾਦ ਵਿੱਚੋਂ ਸਿੱਧਾ ਤਰਲ ਪਦਾਰਥ ਪੀਂਦਾ ਹੈ ਅਤੇ ਫਿਰ ਬਚਿਆ ਹੋਇਆ ਹਿੱਸਾ ਮੱਖਣ ਵਾਲੇ ਦੀਵੇ (ਬਟਰ ਲੈਂਪ) 'ਚ ਪਾ ਦਿੰਦਾ ਹੈ। ਤਿੱਬਤੀ ਭਾਈਚਾਰੇ ਨੇ ਇਸ ਹਰਕਤ ਨੂੰ ਧਾਰਮਿਕ ਪਵਿੱਤਰਤਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਗੰਭੀਰ ਉਲੰਘਣਾ ਅਤੇ ਇੱਕ "ਸਿੱਧਾ ਅਪਮਾਨ" ਕਰਾਰ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਸਖ਼ਤ ਕਾਰਵਾਈ ਦੀ ਮੰਗ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਿੱਬਤੀਆਂ ਦਾ ਗੁੱਸਾ ਫੁੱਟ ਪਿਆ ਹੈ। ਇੱਕ ਯੂਜ਼ਰ ਨੇ ਲਿਖਿਆ ਕਿ "ਮੱਠ ਕੋਈ ਅਜਿਹਾ ਮੰਚ ਨਹੀਂ ਹਨ, ਜਿੱਥੇ ਸੈਲਾਨੀ ਸੋਸ਼ਲ ਮੀਡੀਆ 'ਤੇ ਮਸ਼ਹੂਰੀ ਪਾਉਣ ਲਈ ਅਜਿਹੇ ਪ੍ਰਦਰਸ਼ਨ ਕਰਨ"। ਲੋਕਾਂ ਨੇ ਨਿਆਂਇਕ ਏਜੰਸੀਆਂ ਅਤੇ ਸਾਈਬਰ ਪੁਲਸ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਕਿਉਂਕਿ ਇਹ ਕੋਈ ਗਲਤੀ ਨਹੀਂ ਬਲਕਿ ਜਾਣਬੁੱਝ ਕੇ ਕੀਤਾ ਗਿਆ ਅਪਮਾਨ ਹੈ।

ਪ੍ਰਸ਼ਾਸਨਿਕ ਨਰਮੀ 'ਤੇ ਉੱਠੇ ਸਵਾਲ
ਪ੍ਰਸਿੱਧ ਤਿੱਬਤੀ ਲੇਖਿਕਾ ਅਤੇ ਕਵਿੱਤਰੀ ਤਸੇਰਿੰਗ ਵੋਏਸਰ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਤਿੱਬਤ ਵਿੱਚ ਸੈਲਾਨੀਆਂ ਦੇ ਦੁਰਵਿਹਾਰ ਪ੍ਰਤੀ ਲੰਬੇ ਸਮੇਂ ਤੋਂ ਵਰਤੀ ਜਾ ਰਹੀ ਪ੍ਰਸ਼ਾਸਨਿਕ ਨਰਮੀ ਦਾ ਨਤੀਜਾ ਹੈ। ਉਨ੍ਹਾਂ ਮੁਤਾਬਕ 'ਸੱਭਿਆਚਾਰਕ ਸੈਰ-ਸਪਾਟਾ' (Cultural Tourism) ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤੇ ਜਾਣ ਕਾਰਨ ਸੈਲਾਨੀ ਨਿਡਰ ਹੋ ਗਏ ਹਨ, ਜਦਕਿ ਤਿੱਬਤੀ ਆਸਥਾ ਅਤੇ ਪਰੰਪਰਾਵਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ।

ਚੀਨੀ ਅਧਿਕਾਰੀਆਂ ਦੀ ਚੁੱਪ 'ਤੇ ਚਿੰਤਾ
ਵਾਸ਼ਿੰਗਟਨ ਸਥਿਤ 'ਇੰਟਰਨੈਸ਼ਨਲ ਕੈਂਪੇਨ ਫਾਰ ਤਿੱਬਤ' (ICT) ਦੇ ਰਿਸਰਚ ਹੈੱਡ ਭੁਚੁੰਗ ਕੇ. ਤਸੇਰਿੰਗ ਨੇ ਚੀਨੀ ਅਧਿਕਾਰੀਆਂ ਦੀ ਚੁੱਪ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਚੀਨ ਵਿੱਚ ਸੈਂਸਰਸ਼ਿਪ ਆਮ ਤੌਰ 'ਤੇ ਬਹੁਤ ਸਖ਼ਤ ਰਹਿੰਦੀ ਹੈ, ਉੱਥੇ ਇਸ ਗੰਭੀਰ ਘਟਨਾ 'ਤੇ ਹਾਲੇ ਤੱਕ ਕਿਸੇ ਕਾਰਵਾਈ ਦੇ ਸੰਕੇਤ ਨਹੀਂ ਮਿਲੇ ਹਨ। ਤਿੱਬਤੀ ਭਾਈਚਾਰੇ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ, ਸਗੋਂ ਉਨ੍ਹਾਂ ਸੈਲਾਨੀਆਂ ਦਾ ਵੀ ਅਪਮਾਨ ਹਨ ਜੋ ਤਿੱਬਤ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News