ਓਡੀਸ਼ਾ ਨੇੜੇ ਨਜ਼ਰ ਆਇਆ ਚੀਨ ਦਾ ਜਾਸੂਸੀ ਜਹਾਜ਼, ਭਾਰਤੀ ਸਮੁੰਦਰੀ ਫ਼ੌਜ ਅਲਰਟ ’ਤੇ
Saturday, Apr 01, 2023 - 11:14 AM (IST)
ਓਡੀਸ਼ਾ/ਬੀਜਿੰਗ- ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹਾਲ ਹੀ ਵਿਚ ਇਕ ਚੀਨੀ ਜਾਸੂਸੀ ਜਹਾਜ਼ ਨੂੰ ਭਾਰਤ ਦੇ ਪਾਣੀਆਂ ਦੀ ਹੱਦ ਦੇ ਬਹੁਤ ਨੇੜੇ ਦੇਖਿਆ ਗਿਆ। ਯਾਂਗ ਸ਼ੀ ਯੂ-760 ਨਾਂ ਦਾ ਇਹ ਜਾਸੂਸੀ ਜਹਾਜ਼ ਓਡੀਸ਼ਾ ਨੇੜੇ ਬੰਗਾਲ ਦੀ ਖਾੜੀ ਵਿਚ ਗਸ਼ਤ ਕਰ ਰਿਹਾ ਸੀ। ਚੀਨ ਦਾ ਇਹ ਜਾਸੂਸੀ ਜਹਾਜ਼ ਇਸ ਸਮੇ ਪਾਰਾਦੀਪ ਦੇ ਕੰਢੇ ਤੋਂ 300 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਹੈ। ਅੰਤਰਰਾਸ਼ਟਰੀ ਪਾਣੀਆਂ ਵਿਚ ਹੋਣ ਕਾਰਨ ਇਸ ਜਹਾਜ਼ ਨੂੰ ਖਦੇੜਿਆ ਨਹੀਂ ਜਾ ਸਕਦਾ। ਚੀਨ ਇਸ ਜਾਸੂਸੀ ਜਹਾਜ਼ ਰਾਹੀਂ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿਚ ਡੂੰਘਾਈ ਅਤੇ ਖਾਰੇਪਣ ਵਰਗੇ ਅੰਕੜੇ ਇਕੱਠੇ ਕਰ ਰਿਹਾ ਹੈ। ਇਹ ਡਾਟਾ ਭਵਿੱਖ ਵਿੱਚ ਬੰਗਾਲ ਦੀ ਖਾੜੀ ਵਿੱਚ ਚੀਨੀ ਪਣਡੁੱਬੀ ਦੀਆਂ ਸਰਗਰਮੀਆਂ ਲਈ ਵਰਤਿਆ ਜਾ ਸਕਦਾ ਹੈ।
ਚੀਨ ਦਾ ਜਾਸੂਸੀ ਜਹਾਜ਼ ਯਾਂਗ ਸ਼ੀ ਯੂ-760 ਅਤਿ-ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਨੂੰ 2015 ਵਿਚ ਤਿਆਨਜਿਨ ’ਚ ਬਣਾਇਆ ਗਿਆ ਸੀ। ਇਸ ਦਾ ਭਾਰ 2000 ਟਨ ਹੈ। ਚੀਨੀ ਸਮੁੰਦਰੀ ਫੌਜ ਨਿਯਮਿਤ ਤੌਰ ’ਤੇ ਹਿੰਦ ਮਹਾਸਾਗਰ ਵਿਚ ਅਜਿਹੇ ਜਹਾਜ਼ ਭੇਜਦੀ ਰਹਿੰਦੀ ਹੈ। ਉਸ ਦਾ ਮਕਸਦ ਸਮੁੰਦਰ ਦੇ ‘ਬੈੱਡ’ ਦਾ 3-ਡੀ ਨਕਸ਼ਾ ਬਣਾਉਣਾ ਹੈ। ਇਸ ਸਮੇਂ ਚੀਨੀ ਸਮੁੰਦਰੀ ਫੌਜ ਦੇ ਅਜਿਹੇ ਦੋ ਹੋਰ ਜਾਸੂਸੀ ਜਹਾਜ਼ ਵੀ ਹਿੰਦ ਮਹਾਸਾਗਰ ਖੇਤਰ ਵਿੱਚ ਗਸ਼ਤ ਕਰ ਰਹੇ ਹਨ। ਇਸ ਕਾਰਨ ਹਿੰਦ ਮਹਾਸਾਗਰ ਖੇਤਰ ’ਚ ਆਉਣ ਵਾਲੇ ਦਿਨਾਂ ’ਚ ਚੀਨੀ ਸਮੁੰਦਰੀ ਫੌਜ ਦੀਆਂ ਸਰਗਰਮੀਆਂ ਦੇ ਵਧਣ ਦਾ ਖਦਸ਼ਾ ਹੈ।
ਚੀਨ ਦੇ ਜਾਸੂਸ ਜਹਾਜ਼ ਤੋਂ ਭਾਰਤ ਨੂੰ ਕੀ ਹੈ ਖ਼ਤਰਾ?
ਭਾਰਤੀ ਸਮੁੰਦਰੀ ਫੌਜ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਚੀਨੀ ਜਾਸੂਸੀ ਜਹਾਜ਼ ਨਾ ਤਾਂ ਭਾਰਤੀ ਵਿਸ਼ੇਸ਼ ਆਰਥਿਕ ਖੇਤਰ ਵਿੱਚ ਦਾਖਲ ਹੋਇਆ ਅਤੇ ਨਾ ਹੀ ਇਸ ਨੇ ਕੋਈ ਖੋਜ ਕਾਰਜ ਕੀਤਾ। ਭਾਰਤੀ ਸਮੁੰਦਰੀ ਫੌਜ ਇਸ ਚੀਨੀ ਜਾਸੂਸੀ ਜਹਾਜ਼ ਦੀਆਂ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਚੀਨੀ ਜਾਸੂਸੀ ਜਹਾਜ਼ ਕੋਲਕਾਤਾ ਅਤੇ ਹਲਦੀਆ ਬੰਦਰਗਾਹਾਂ ਤੋਂ ਭਾਰਤ ਦੇ ਸਮੁੰਦਰੀ ਵਪਾਰ ਲਈ ਖਤਰਾ ਬਣ ਸਕਦਾ ਹੈ। ਚੀਨ ਇਸ ਖੇਤਰ ਦਾ ਡਾਟਾ ਇਕੱਠਾ ਕਰ ਸਕਦਾ ਹੈ ਅਤੇ ਗਸ਼ਤ ਲਈ ਆਪਣੀਆਂ ਪਣਡੁੱਬੀਆਂ ਭੇਜ ਸਕਦਾ ਹੈ। ਪਾਣੀ ਦੇ ਹੇਠਾਂ ਪਣਡੁੱਬੀਆਂ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੈ। ਇਸ ਕਾਰਨ ਭਾਰਤ ਦੀ ਚਿੰਤਾ ਵਧ ਸਕਦੀ ਹੈ।