ਚੀਨ ਦੀਆਂ ਫਰਜ਼ੀ ਕੰਪਨੀਆਂ ਦਾ ਪਰਦਾਫਾਸ਼, ਮੁੱਖ ਸਾਜ਼ਿਸ਼ਕਰਤਾ ਚੀਨੀ ਨਾਗਰਿਕ ਗ੍ਰਿਫ਼ਤਾਰ

Monday, Sep 12, 2022 - 11:38 AM (IST)

ਚੀਨ ਦੀਆਂ ਫਰਜ਼ੀ ਕੰਪਨੀਆਂ ਦਾ ਪਰਦਾਫਾਸ਼, ਮੁੱਖ ਸਾਜ਼ਿਸ਼ਕਰਤਾ ਚੀਨੀ ਨਾਗਰਿਕ ਗ੍ਰਿਫ਼ਤਾਰ

ਨਵੀਂ ਦਿੱਲੀ (ਵਾਰਤਾ)- ਦੇਸ਼ ’ਚ ਕਾਰੋਬਾਰ ਕਰ ਰਹੀਆਂ ਚੀਨ ਦੀਆਂ ਫਰਜ਼ੀ ਕੰਪਨੀਆਂ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ ਮੁੱਖ ਸਾਜ਼ਿਸ਼ਕਰਤਾ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲਾ ਦੇ ਅਧੀਨ ਕੰਮ ਕਰ ਰਹੇ ਗੰਭੀਰ ਧੋਖਾਦੇਹੀ ਜਾਂਚ ਦਫ਼ਤਰ ਨੇ ਐਤਵਾਰ ਨੂੰ ਬਿਹਾਰ ਦੇ ਰਸਤੇ ਸੜਕ ਰਾਹੀਂ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਚੀਨੀ ਨਾਗਰਿਕ ਜਿਲੀਆਨ ਡ੍ਰੋਸਟੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਤਰਾਲਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਚੀਨ ਦੀਆਂ ਫਰਜ਼ੀ ਕੰਪਨੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਗੰਭੀਰ ਧੋਖਾਦੇਹੀ ਜਾਂਚ ਦਫ਼ਤਰ ਨੂੰ ਇਸ ਦੀ ਜਾਂਚ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਕੁੱਲ ਮਿਲਾ ਕੇ ਇਹ ਕਾਰਵਾਈ 32 ਫਰਜ਼ੀ ਚੀਨੀ ਕੰਪਨੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ, ਜਿਸ ਵਿਚ ਇਸ ਦੇ ਮੁੱਖ ਸਾਜ਼ਿਸ਼ਕਰਤਾ ਇਕ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਸ ਦੱਸਿਆ ਕਿ ਹਾਂਗਕਾਂਗ ਦੀ ਕੰਪਨੀ ਜਿਲੀਆਨ ਹਾਂਗਕਾਂਗ ਲਿਮਟਿਡ ਦੀ ਗੁਰੂਗ੍ਰਾਮ ਸਥਿਤ ਭਾਰਤੀ ਇਕਾਈ ਜਿਲੀਆਨ ਕੰਸਲਟੈਂਟ ਇੰਡੀਆ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਦੀ ਫਿਨਿਟੀ ਪ੍ਰਾਈਵੇਟ ਲਿਮਟਿਡ ਅਤੇ ਹੈਦਰਾਬਾਦ ਦੀ ਹੁਸਿਸ ਕੰਸਲਟਿੰਗ ਲਿਮਟਿਡ ’ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਚੀਨੀ ਨਾਗਰਿਕ ਡ੍ਰੋਸਟੇ ਦੇਸ਼ ਛੱਡ ਕੇ ਭੱਜਣ ਲਈ ਬਿਹਾਰ ਦੇ ਦੂਰ-ਦੁਰਾਡੇ ਦੇ ਖੇਤਰਾਂ ’ਚ ਪਹੁੰਚ ਗਿਆ। ਇਸ ਤੋਂ ਬਾਅਦ ਇਕ ਟੀਮ ਬਣਾ ਕੇ ਐਤਵਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡ੍ਰੋਸਟੇ ਕਈ ਫਰਜ਼ੀ ਕੰਪਨੀਆਂ ਬਣਾਉਣ ਦਾ ਮੁੱਖ ਸਾਜ਼ਿਸ਼ਕਰਤਾ ਹੈ ਅਤੇ ਕੰਪਨੀ ਰਜਿਸਟਰਾਰ ਵਿਚ ਉਸ ਨੇ ਖੁਦ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਦਾ ਵਸਨੀਕ ਦੱਸਿਆ ਹੈ।


author

DIsha

Content Editor

Related News