ਚੀਨੀ ਡਿਪਲੋਮੈਟ ਨੇ ਕਿਹਾ- ਭਾਰਤ-ਚੀਨ ਸਰਹੱਦ ਹੁਣ ਸਥਿਰ, ‘ਐਮਰਜੈਂਸੀ ਕੰਟਰੋਲ’ ਵਾਲੀ ਸਥਿਤੀ ਖ਼ਤਮ
Sunday, Apr 02, 2023 - 10:45 AM (IST)

ਕੋਲਕਾਤਾ (ਭਾਸ਼ਾ)- ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ’ਤੇ ਪਹਿਲਾਂ ਦੀ ‘ਐਮਰਜੈਂਸੀ ਕੰਟਰੋਲ’ ਵਾਲੀ ਸਥਿਤੀ ਹੁਣ ਬੀਤੇ ਸਮੇ ਦੀ ਗੱਲ ਹੈ । ਇਸ ਸਮੇਂ ਸਰਹੱਦ ਪੂਰੀ ਤਰ੍ਹਾਂ ਸਥਿਰ ਹੈ। ਭਾਰਤ ਵਿੱਚ ਚੀਨੀ ਦੂਤਘਰ ਦੇ ਡਿਪਟੀ ਕੌਂਸਲਰ ਚੇਨ ਜਿਆਨਜੁਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਏਸ਼ੀਆਈ ਦੇਸ਼ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਸੰਪਰਕ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਚੀਨੀ ਪੱਖ ਨੇ ਹਮੇਸ਼ਾ ਚੀਨ-ਭਾਰਤ ਸਬੰਧਾਂ ਨੂੰ ਰਣਨੀਤਕ ਅਤੇ ਲੰਬੇ ਸਮੇਂ ਦੇ ਪਖ ਤੋਂ ਮੰਨਿਆ ਹੈ। ਸਬੰਧਾਂ ਵਿੱਚ ਕੁਝ ਮੁਸ਼ਕਲਾਂ ਹਨ ਪਰ ਚੀਨ ਦੀ ਸਥਿਤੀ ਕਦੇ ਨਹੀਂ ਡਗਮਗਾਈ। ਅਸੀਂ ਇਸ ਨੂੰ ਸਿਹਤਮੰਦ ਤੇ ਸਥਿਰ ਵਿਕਾਸ ਦੇ ਰਾਹ ’ਤੇ ਵਾਪਸ ਲਿਆਉਣ ਲਈ ਵਚਨਬੱਧ ਹਾਂ।
ਜਿਆਨਜੁਨ ਨੇ ਕਿਹਾ ਕਿ ਜੀ-20 ਅਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਮੁਖੀ ਵਜੋਂ ਭਾਰਤ ਦੀ ਸਫਲਤਾ ਨੂੰ ਚੀਨ ਦੀ ਪੂਰੀ ਹਮਾਇਤ ਹੈ। 'ਸਾਡਾ ਮੰਨਣਾ ਹੈ ਕਿ ਚੀਨ ਅਤੇ ਭਾਰਤ ‘ਏਸ਼ੀਅਨ ਸੈਂਚੁਰੀ’ ਨੂੰ ਸਾਕਾਰ ਕਰਨ ਲਈ ਗੁਆਂਢੀ ਦੇਸ਼ਾਂ ਲਈ ਮਿਲ ਕੇ ਸ਼ਾਂਤੀ ਅਤੇ ਵਿਕਾਸ ਦਾ ਰਾਹ ਲੱਭ ਸਕਦੇ ਹਨ।