ਉਪਗ੍ਰਹਿ ਦੀਆਂ ਤਸਵੀਰਾਂ ਨਾਲ ਖੁਲਾਸਾ, ਪੈਂਗੋਂਗ ਝੀਲ ਦੇ ਕੋਲ ਚੀਨ ਬਣਾ ਰਿਹਾ ਨਵਾਂ ਪੁਲ
Thursday, May 19, 2022 - 10:43 AM (IST)
ਨਵੀਂ ਦਿੱਲੀ– ਚੀਨ ਪੂਰਬੀ ਲੱਦਾਖ ’ਚ ਰਣਨੀਤਿਕ ਰੂਪ ’ਚ ਮਹੱਤਵਪੂਰਣ ਪੈਂਗੋਂਗ ਝੀਲ ਦੇ ਆਲੇ-ਦੁਆਲੇ ਦੇ ਆਪਣੇ ਕਬਜ਼ੇ ਵਾਲੇ ਖੇਤਰ ’ਚ ਇਕ ਦੂਜੇ ਪੁਲ ਦਾ ਨਿਰਮਾਣ ਕਰ ਰਿਹਾ ਹੈ ਅਤੇ ਇਹ ਚੀਨੀ ਫੌਜ ਲਈ ਇਸ ਖੇਤਰ ’ਚ ਆਪਣੇ ਫੌਜੀਆਂ ਨੂੰ ਛੇਤੀ ਨਾਲ ਪਹੁੰਚਾਉਣ ’ਚ ਮਦਦਗਾਰ ਹੋ ਸਕਦਾ ਹੈ।
ਉਪਗ੍ਰਹਿ ਦੀਆਂ ਤਸਵੀਰਾਂ ਅਤੇ ਇਸ ਘਟਨਾਕ੍ਰਮ ਤੋਂ ਵਾਕਫ਼ ਲੋਕਾਂ ਨੇ ਇਹ ਜਾਣਕਾਰੀ ਦਿੱਤੀ। 2 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਪੂਰਬੀ ਲੱਦਾਖ ’ਚ ਕਈ ਤਣਾਅ ਵਾਲੇ ਬਿੰਦੂਆਂ ’ਤੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਜਾਰੀ ਰੇੜਕੇ ’ਚ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਚੀਨ ਨੇ ਹਾਲ ਹੀ ’ਚ ਇਲਾਕੇ ’ਚ ਪਹਿਲੇ ਪੁਲ ਦਾ ਨਿਰਮਾਣ ਕਾਰਜ ਪੂਰਾ ਕੀਤਾ ਹੈ। ਨਵਾਂ ਪੁਲ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਤੋਂ 20 ਕਿਲੋਮੀਟਰ ਤੋਂ ਜ਼ਿਆਦਾ ਦੂਰ ਖੇਤਰ ’ਚ ਬਣਾਇਆ ਜਾ ਰਿਹਾ ਹੈ। ਐੱਲ. ਏ. ਸੀ. ’ਤੇ ਚੀਨੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਇਕ ਭੂ-ਸਥਾਨਕ ਖੁਫੀਆ ਖੋਜਕਾਰ ਡੇਮੀਅਨ ਸਾਇਮਨ ਨੇ ਟਵਿੱਟਰ ’ਤੇ ਨਵੇਂ ਨਿਰਮਾਣ ਦੀ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਪੋਸਟ ਕੀਤੀਆਂ।
ਸਾਇਮਨ ਨੇ ਟਵਿੱਟਰ ’ਤੇ ਕਿਹਾ ਕਿ ਪਹਿਲੇ ਪੁਲ ਦੇ ਬਰਾਬਰ ਇਕ ਵੱਡਾ ਪੁਲ ਤਿਆਰ ਕੀਤਾ ਜਾ ਰਿਹਾ ਹੈ, ਇਸ ਨਿਰਮਾਣ ਦਾ ਸੰਭਾਵੀ ਮੰਤਵ ਝੀਲ ’ਤੇ (ਫੌਜ ਦੀ) ਵੱਡੀ/ਭਾਰੀ ਆਵਾਜਾਈ ’ਚ ਮਦਦ ਕਰਨਾ ਹੈ। ਉਪਗ੍ਰਹਿ ਤਸਵੀਰਾਂ ’ਚ ਇਹ ਵਿਖਾਇਆ ਗਿਆ ਹੈ ਕਿ ਪੁਲ ਇਕੱਠੇ ਦੋਵਾਂ ਪਾਸਿਓਂ ਬਣਾਇਆ ਜਾ ਰਿਹਾ ਹੈ।