ਚੀਨ ਨੇ ਅਰੁਣਾਚਲ ਪ੍ਰਦੇਸ਼ ’ਚ ਭਾਰਤੀ ਸਰਹੱਦ ਦੇ ਅੰਦਰ ਬਣਾਈਆਂ 60 ਇਮਾਰਤਾਂ!
Friday, Nov 19, 2021 - 01:45 PM (IST)
ਨਵੀਂ ਦਿੱਲੀ– ਚੀਨ ਨੇ ਕਥਿਤ ਤੌਰ ’ਤੇ ਭਾਰਤੀ ਸਰਹੱਦ ਦੇ ਨਾਲ ਲਗਦੇ ਇਲਾਕਿਆਂ ’ਚ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਟੀ. ਵੀ. ਚੈਨਲ ਦੀ ਰਿਪੋਰਟ ਮੁਤਾਬਕ ਨਵੀਂ ਸੈਟੇਲਾਈਟ ਈਮੇਜ਼ ਨਾਲ ਅਰੁਣਾਚਲ ਪ੍ਰਦੇਸ਼ ’ਚ ਚੀਨ ਦੇ ਇਕ ਹੋਰ ਐੱਨਕਲੇਵ ਬਣਾਉਣ ਦਾ ਖੁਲਾਸਾ ਹੋਇਆ ਹੈ। ਇਸ ’ਚ ਕਰੀਬ 60 ਇਮਾਰਤਾਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 2019 ਤੋਂ ਪਹਿਲਾਂ ਜ਼ਮੀਨ ’ਤੇ ਇਕ ਵੀ ਇਮਾਰਤ ਨਹੀਂ ਸੀ ਅਤੇ 2021 ’ਚ 60 ਇਮਾਰਤਾਂ ਬਣ ਗਈਆਂ।
ਟੀ. ਵੀ. ਚੈਨਲ ਨੇ ਅਮਰੀਕੀ ਸੈਟੇਲਾਈਟ ਕੰਪਨੀ ਮੈਕਸਰ ਤਕਨਾਲੋਜੀ ਵਲੋਂ ਜਾਰੀ ਈਮੇਜ਼ ਦੇ ਆਧਾਰ ’ਤੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਇਸ ਦੇ ਮੁਤਾਬਕ 2019 ਤੱਕ ਇਸ ਇਲਾਕੇ ’ਚ ਇਕ ਵੀ ਐੱਨਕਲੇਵ ਨਹੀਂ ਸੀ ਪਰ ਦੋ ਸਾਲ ਬਾਅਦ ਹੀ ਚੀਨ ਨੇ ਕਬਜ਼ਾ ਕਰ ਕੇ ਨਿਰਮਾਣ ਕਰ ਦਿੱਤਾ। ਕੁਝ ਦਿਨ ਪਹਿਲਾਂ ਵੀ ਅਰੁਣਾਚਲ ਦੇ ਇਕ ਹਿੱਸੇ ’ਚ ਚੀਨੀ ਫ਼ੌਜ ਦੇ ਕਬਜ਼ੇ ਦੀ ਜਾਣਕਾਰੀ ਸਾਹਮਣੇ ਆਈ ਸੀ। ਰਿਪੋਰਟ ਮੁਤਾਬਕ ਨਵੀਆਂ 60 ਇਮਾਰਤਾਂ ਪੁਰਾਣੇ ਕਬਜ਼ੇ ਤੋਂ 93 ਕਿਲੋਮੀਟਰ ਦੂਰ ਹਨ। ਰਿਪੋਰਟ ਮੁਤਾਬਕ ਨਵਾਂ ਐੱਨਕਲੇਵ ਭਾਰਤੀ ਸਰਹੱਦ ਦੇ 6 ਕਿਲੋਮੀਟਰ ਅੰਦਰ ਹੈ। ਇਹ ਇਲਾਕਾ ਕੌਮਾਂਤਰੀ ਸਰਹੱਦ ਅਤੇ ਅਸਲ ਕੰਟਰੋਲ ਲਾਈਨ ਦਰਮਿਆਨ ਹੈ।
ਭੂਟਾਨ ’ਚ ਵੀ ਘੁਸਪੈਠ
ਚੀਨੀ ਗੁਆਂਢੀ ਦੇਸ਼ ਭੂਟਾਨ ਦੀ ਸਰਹੱਦ ’ਚ ਵੀ ਘੁਸਪੈਠ ਕਰ ਚੁੱਕਾ ਹੈ। ਰਿਪੋਰਟ ਮੁਤਾਬਕ ਚੀਨ ਨੇ ਆਪਣੇ ਬਾਰਡਰ ਦੇ ਨਾਲ ਲਗਦੇ ਭੂਟਾਨ ’ਚ ਕਰੀਬ 25 ਹਜ਼ਾਰ ਏਕੜ ਖੇਤਰ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਇੰਨਾ ਹੀ ਨਹੀਂ ਚੀਨ ਨੇ ਉੱਥੇ 4 ਪਿੰਡ ਵੀ ਵਸਾ ਦਿੱਤੇ ਹਨ।