ਇਲਾਜ ਦੇ ਨਾਮ ''ਤੇ ਢਾਈ ਮਹੀਨੇ ਦੀ ਮਾਸੂਮ ਨੂੰ 51 ਵਾਰ ਗਰਮ ਲੋਹੇ ਨਾਲ ਦਾਗ਼ਿਆ, ਮੌਤ

02/04/2023 4:12:46 PM

ਸ਼ਹਿਡੋਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ 'ਚ ਇਕ ਓਝਾ ਵਲੋਂ ਇਲਾਜ ਦੇ ਨਾਮ 'ਤੇ 50 ਤੋਂ ਵੱਧ ਵਾਰ ਗਰਮ ਲੋਹੇ ਦੀ ਛੜ ਨਾਲ ਦਾਗ਼ੇ ਜਾਣ ਕਾਰਨ ਢਾਈ ਮਹੀਨੇ ਦੀ ਬੱਚੀ ਦੀ ਮੌਤ ਦੇ ਮਾਮਲੇ 'ਚ ਪ੍ਰਸ਼ਾਸਨ ਨੇ ਜਾਂਚ ਲਈ ਮਾਸੂਮ ਦੀ ਲਾਸ਼ ਕਬਰ 'ਚੋਂ ਬਾਹਰ ਕੱਢਵਾਈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਕੁਲੈਕਟਰ ਵੰਦਨਾ ਵੈਧ ਨੇ ਕਿਹਾ ਕਿ ਬੱਚੀ ਦੀ ਲਾਸ਼ ਸ਼ੁੱਕਰਵਾਰ ਨੂੰ ਕਬਰ 'ਚੋਂ ਕੱਢੀ ਗਈ ਹੈ ਅਤੇ ਸ਼ਨੀਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਬੱਚੀ ਦੀ ਮੌਤ ਨਿਮੋਨੀਆ ਕਾਰਨ ਹੋਈ ਪਰ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗ ਸਕੇਗਾ।

ਆਦਿਵਾਸੀ ਬਹੁਲ ਜ਼ਿਲ੍ਹੇ ਦੇ ਸਿੰਘਪੁਰ ਥਾਣਾ ਖੇਤਰ ਦੇ ਕਠੌਤੀਆ ਦੀ ਰਹਿਣ ਵਾਲੀ ਬੱਚੀ ਦੀ ਮਾਂ ਨੇ ਕਿਹਾ ਕਿ ਪਰਿਵਾਰ ਵਾਲੇ ਪਹਿਲੇ ਬੀਮਾਰ ਧੀ ਨੂੰ ਝੋਲਾਛਾਪ ਡਾਕਟਰ ਕੋਲ ਲੈ ਗਏ ਪਰ ਉਸ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਬਾਅਦ 'ਚ ਪਰਿਵਾਰ ਨੇ ਇਕ ਔਰਤ ਨਾਲ ਸੰਪਰਕ ਕੀਤਾ, ਜਿਸ ਨੇ ਬੱਚੀ ਦੇ ਇਲਾਜ ਲਈ 51 ਵਾਰ ਗਰਮ ਲੋਹੇ ਦੀ ਛੜ ਨਾਲ ਉਸ ਦੇ ਸਰੀਰ ਨੂੰ ਦਾਗ਼ਿਆ। ਮਾਂ ਨੇ ਕਿਹਾ ਕਿ ਬੱਚੀ ਦੀ ਹਾਲਤ ਵਿਗੜਨ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸ਼ਹਿਡੋਲ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਬੁੱਧਵਾਰ ਨੂੰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਬੱਚੀ ਦੀ ਲਾਸ਼ ਦਫਨਾ ਦਿੱਤੀ। ਸਥਾਨਕ ਮੀਡੀਆ ਤੋਂ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਲਾਸ਼ ਨੂੰ ਬਾਹਰ ਕੱਢਣ ਦਾ ਫ਼ੈਸਲਾ ਲਿਆ।


DIsha

Content Editor

Related News