ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜਿੱਤੀ ਕੋਰੋਨਾ ਤੋਂ ਜੰਗ

10/22/2020 5:53:03 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਲਈ ਹੈ। ਹਾਲ ਹੀ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਪਰ ਡਾਕਟਰਾਂ ਦੀ ਸਲਾਹ 'ਤੇ ਕੁਝ ਦਿਨ ਆਰਾਮ ਕਰਨਗੇ। ਉਹ 26 ਅਕਤੂਬਰ ਨੂੰ ਦਫ਼ਤਰ ਵਿਚ ਪਹੁੰਚ ਸਕਦੇ ਹਨ, ਕਿਉਂਕਿ ਉਸੇ ਦਿਨ ਉਹ ਕੋਰੋਨਾ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਕਰਨ ਵਾਲੇ ਹਨ, ਜਿਸ ਵਿਚ ਕੋਰੋਨਾ ਤੋਂ ਬਚਣ ਦੇ ਉਪਾਵਾਂ 'ਤੇ ਚਰਚਾ ਹੋਵੇਗੀ। ਦੱਸ ਦੇਈਏ ਕਿ ਜੈਰਾਮ 12 ਅਕਤੂਬਰ ਨੂੰ ਕੋਰੋਨਾ ਪਾਜ਼ੇਟਿਵ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਕੁਆਰੰਟੀਨ ਕਰ ਲਿਆ ਸੀ। 

ਇਸ ਤੋਂ ਇਲਾਵਾ 27 ਅਕਤੂਬਰ ਨੂੰ ਕੈਬਨਿਟ ਦੀ ਬੈਠਕ ਹੋ ਸਕਦੀ ਹੈ, ਜਿਸ ਵਿਚ ਕਈ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਹੀ ਕਈ ਤਰ੍ਹਾਂ ਦੀ ਛੋਟ ਹੁਣ ਲੋਕਾਂ ਨੂੰ ਮਿਲ ਗਈ ਹੈ ਪਰ ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਸਾਨੂੰ ਪਹਿਲਾਂ ਤੋਂ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਦੇ ਕੁੱਲ 19,357 ਕੇਸ ਹੋ ਚੁੱਕੇ ਹਨ। ਜਿਨ੍ਹਾਂ 'ਚੋਂ 274 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16,487 ਲੋਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ।


Tanu

Content Editor Tanu