ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਲਿਆਂਦਾ ਜਾਵੇ ਮਹਾਦੋਸ਼ ਮਤਾ : ਮਮਤਾ ਬੈਨਰਜੀ
Wednesday, Feb 04, 2026 - 07:55 AM (IST)
ਨਵੀਂ ਦਿੱਲੀ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ਦੇ ਖਿਲਾਫ ਮਹਾਦੋਸ਼ ਮਤਾ ਲਿਆਉਣ ਦੀ ਅਪੀਲ ਕੀਤੀ ਅਤੇ ਇਸ ਮੁੱਦੇ ’ਚ ਵਿਰੋਧੀ ਧਿਰ ਦੀਆਂ ਹੋਰਨਾਂ ਪਾਰਟੀਆਂ ਤੋਂ ਸਮਰਥਨ ਮੰਗਿਆ। ਮਮਤਾ ਆਪਣੇ ਸੂਬੇ ’ਚ ਐੱਸ. ਆਈ. ਆਰ. ਦੇ ਖਿਲਾਫ ਮੁਹਿੰਮ ਤਹਿਤ ਰਾਸ਼ਟਰੀ ਰਾਜਧਾਨੀ ’ਚ ਹੈ।
ਇਕ ਦਿਨ ਪਹਿਲਾਂ, ਮਮਤਾ ਆਪਣੇ ਵਫਦ ਦੇ ਨਾਲ ਐੱਸ. ਆਈ. ਆਰ. ਮੁੱਦੇ ’ਤੇ ਗਿਆਨੇਸ਼ ਕੁਮਾਰ ਅਤੇ ਹੋਰ ਚੋਣ ਕਮਿਸ਼ਨਰਾਂ ਨਾਲ ਹੋਈ ਬੈਠਕ ਨੂੰ ਵਿਚਾਲੇ ਛੱਡ ਕੇ ਬਾਹਰ ਨਿਕਲ ਗਈ ਸੀ ਅਤੇ ਦੋਸ਼ ਲਾਇਆ ਸੀ ਕਿ ਮੁੱਖ ਚੋਣ ਕਮਿਸ਼ਨਰ ਨੇ ਹੰਕਾਰ ਦਿਖਾਇਆ ਅਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ। ਰਾਸ਼ਟਰੀ ਰਾਜਧਾਨੀ ’ਚ ਪੱਤਰਕਾਰ ਸੰਮੇਲਨ ’ਚ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਵੋਟਰ ਸੂਚੀ ’ਚੋਂ ਜਿਨ੍ਹਾਂ ਲੋਕਾਂ ਦੇ ਨਾਂ ਹਟਾਏ ਜਾ ਰਹੇ ਹਨ, ਉਹ ਉਨ੍ਹਾਂ ਦੀ ਪਾਰਟੀ ਦੇ ਸਮਰਥਕ ਹਨ। ਮਮਤਾ ਦੇ ਨਾਲ ਐੱਸ. ਆਈ. ਆਰ. ਤੋਂ ਕਥਿਤ ਤੌਰ ’ਤੇ ਪ੍ਰਭਾਵਿਤ ਪੱਛਮੀ ਬੰਗਾਲ ਦੇ ਵੱਡੀ ਗਿਣਤੀ ’ਚ ਲੋਕ ਵੀ ਮੌਜੂਦ ਸਨ।
ਸੁਪਰੀਮ ਕੋਰਟ ’ਚ ਸੁਣਵਾਈ ’ਚ ਹਿੱਸਾ ਲੈ ਸਕਦੀ ਹੈ ਮਮਤਾ
ਮਮਤਾ ਬੈਨਰਜੀ ਐੱਸ. ਆਈ. ਆਰ. ਦੇ ਖਿਲਾਫ ਦਾਇਰ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਬੁੱਧਵਾਰ ਨੂੰ ਹੋਣ ਵਾਲੀ ਮਹੱਤਵਪੂਰਨ ਸੁਣਵਾਈ ’ਚ ਹਿੱਸਾ ਲੈ ਸਕਦੀ ਹੈ। ਚੋਟੀ ਦੀ ਅਦਾਲਤ ਦੀ ਵੈੱਬਸਾਈਟ ਅਨੁਸਾਰ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੋਲੀ ਦੀ ਬੈਂਚ ਮੋਸਤਰੀ ਬਾਨੂ ਅਤੇ ਟੀ. ਐੱਮ. ਸੀ. ਸੰਸਦ ਮੈਂਬਰਾਂ ਡੇਰੇਕ ਓ’ਬ੍ਰਾਇਨ ਤੇ ਡੋਲਾ ਸੇਨ ਦੀਆਂ 3 ਪਟੀਸ਼ਨਾਂ ’ਤੇ ਸੁਣਵਾਈ ਕਰੇਗੀ। ਮਮਤਾ ਨੇ ਵੀ ਇਸ ਮੁੱਦੇ ’ਤੇ ਵੱਖਰੇ ਤੌਰ ’ਤੇ ਪਟੀਸ਼ਨ ਦਾਇਰ ਕੀਤੀ ਹੈ।
