ਚੋਣ ਕਮਿਸ਼ਨ ਪੁੱਜੇ ਤ੍ਰਿਣਮੂਲ ਨੇਤਾਵਾਂ ਨੂੰ 7 ਮਿੰਟਾਂ ’ਚ ਭਜਾਇਆ ਗਿਆ, ਡੇਰੇਕ ਓ’ ਬ੍ਰਾਇਨ ਨੇ ਲਾਏ ਗੰਭੀਰ ਦੋਸ਼
Thursday, Apr 09, 2026 - 07:52 AM (IST)
ਨਵੀਂ ਦਿੱਲੀ (ਭਾਸ਼ਾ) - ਤ੍ਰਿਣਮੂਲ ਕਾਂਗਰਸ ਦੇ ਇਕ ਵਫਦ ਅਤੇ ਭਾਰਤ ਚੋਣ ਕਮਿਸ਼ਨ ਦੀ ਪੂਰਨ ਬੈਂਚ ਵਿਚਾਲੇ ਬੁੱਧਵਾਰ ਨੂੰ ਹੋਈ ਬੈਠਕ ਤਣਾਅਪੂਰਨ ਮਾਹੌਲ ’ਚ ਖਤਮ ਹੋਈ। ਬੰਗਾਲ ਚੋਣਾਂ ਨੂੰ ਲੈ ਕੇ ਜਾਰੀ ਮਹਾਸੰਗਰਾਮ ’ਚ ਤ੍ਰਿਣਮੂਲ ਨੇਤਾਵਾਂ ਨੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਨੇ ਉਨ੍ਹਾਂ ਨੂੰ 7 ਮਿੰਟਾਂ ’ਚ ਹੀ ‘ਇੱਥੋਂ ਚਲੇ ਜਾਓ’ ਕਿਹਾ, ਜਦਕਿ ਕਮਿਸ਼ਨ ਨੇ ਤ੍ਰਿਣਮੂਲ ਨੇਤਾਵਾਂ ’ਤੇ ‘ਚਿੱਲਾਉਣ’ ਦਾ ਦੋਸ਼ ਲਾਇਆ। ਰਾਜ ਸਭਾ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ’ਬ੍ਰਾਇਨ, ਉਪ-ਨੇਤਾ ਸਾਗਰਿਕਾ ਘੋਸ਼, ਸੰਸਦ ਮੈਂਬਰ ਸਾਕੇਤ ਗੋਖਲੇ ਅਤੇ ਮੇਨਕਾ ਗੁਰੂਸਵਾਮੀ ਵਾਲੇ ਇਕ ਵਫਦ ਨੇ ਪੱਛਮੀ ਬੰਗਾਲ ਚੋਣਾਂ ਤੋਂ ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਦੀ ਪੂਰਨ ਬੈਂਚ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ - 3 ਦਿਨ ਬੰਦ ਸ਼ਰਾਬ ਦੀਆਂ ਦੁਕਾਨਾਂ, ਪੁਡੂਚੇਰੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਵੱਡਾ ਫੈਸਲਾ
ਬੈਠਕ ਤੋਂ ਬਾਅਦ ਬ੍ਰਾਇਨ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ 9 ਪੱਤਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸੌਂਪੇ ਜਿਨ੍ਹਾਂ ’ਤੇ ਧਿਆਨ ਨਹੀਂ ਦਿੱਤਾ ਗਿਆ। ਤ੍ਰਿਣਮੂਲ ਨੇਤਾਵਾਂ ਨੇ ਚੋਣ ਕਮਿਸ਼ਨ ਨੂੰ ਉਨ੍ਹਾਂ ਕੁਝ ਮਾਮਲਿਆਂ ਤੋਂ ਵੀ ਜਾਣੂ ਕਰਵਾਇਆ, ਜਿਨ੍ਹਾਂ ’ਚ ਕੁਝ ਚੋਣ ਅਧਿਕਾਰੀਆਂ ਦੇ ਭਾਜਪਾ ਨਾਲ ਤਾਰ ਜੁੜੇ ਹੋਣ ਦਾ ਦੋਸ਼ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ। ਬ੍ਰਾਇਨ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਅਜਿਹੀਆਂ 6 ਉਦਾਹਰਣਾਂ ਦਿੱਤੀਆਂ, ਜਿਨ੍ਹਾਂ ’ਚ ਅਧਿਕਾਰੀ ਚੋਣ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਭਾਜਪਾ ਦੇ ਨਾਲ ਸਬੰਧ ਹਨ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਇਸ ਤੋਂ ਇਲਾਵਾ ਇਸ ਵਿਚ ਨੰਦੀਗ੍ਰਾਮ ’ਚ ਮੁੱਖ ਚੋਣ ਅਧਿਕਾਰੀ ਵੱਲੋਂ ਇਕ ਸਥਾਨਕ ਭਾਜਪਾ ਨੇਤਾ ਦੇ ਨਾਲ ਹੋਣ ਦੀ ਇਕ ਉਦਾਹਰਣ ਦਿੱਤੀ ਗਈ।” ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਇਸ ਸਬੰਧ ’ਚ ਇਕ ਮੰਗ-ਪੱਤਰ ਸੌਂਪਿਆ ਗਿਆ ਹੈ। ਬ੍ਰਾਇਨ ਨੇ ਕਿਹਾ ਕਿ 7 ਮਿੰਟ ਦੀ ਬੈਠਕ ਦੇ ਅੰਤ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਨੇ ਗਿਆਨੇਸ਼ ਕੁਮਾਰ ਨੂੰ ਵਧਾਈ ਦਿੱਤੀ ਕਿ ਉਹ ਪਹਿਲੇ ਅਜਿਹੇ ਮੁੱਖ ਚੋਣ ਕਮਿਸ਼ਨਰ ਹਨ ਜਿਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਲੋਕ ਸਭਾ ਅਤੇ ਰਾਜ ਸਭਾ ’ਚ ਨੋਟਿਸ ਦਿੱਤੇ ਗਏ।
ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ
ਚੋਣ ਕਮਿਸ਼ਨ ਬੋਲਿਆ- ਬੰਗਾਲ ’ਚ ਇਸ ਵਾਰ ਨਿਰਪੱਖ ਅਤੇ ਸੁਤੰਤਰ ਚੋਣਾਂ ਹੋਣਗੀਆਂ
ਇਸ ਦੌਰਾਨ ਕਮਿਸ਼ਨ ਨੇ ਤ੍ਰਿਣਮੂਲ ਨੇਤਾਵਾਂ ’ਤੇ ਚਿੱਲਾਉਣ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਕਮਿਸ਼ਨ ਸੂਬੇ ’ਚ ਨਿਰਪੱਖ ਅਤੇ ਸੁਤੰਤਰ ਚੋਣਾਂ ਕਰਵਾਏਗਾ। ਕਮਿਸ਼ਨ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਸ ਨੇ ਤ੍ਰਿਣਮੂਲ ਕਾਂਗਰਸ ਦੇ ਵਫਦ ਨਾਲ ‘ਸਿੱਧੀ ਗੱਲ’ ਕੀਤੀ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ ਤ੍ਰਿਣਮੂਲ ਕਾਂਗਰਸ ਨੂੰ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ ’ਚ ਚੋਣਾਂ ਨਿਸ਼ਚਿਤ ਤੌਰ ’ਤੇ ‘ਡਰ ਮੁਕਤ, ਹਿੰਸਾ ਮੁਕਤ, ਧਮਕੀ ਮੁਕਤ ਅਤੇ ਲਾਲਚ ਮੁਕਤ’ ਹੋਣਗੀਆਂ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
