ਹੈਰਾਨੀਜਨਕ! ਇੱਥੇ ਸੱਪਾਂ ਨੂੰ ਪੁੱਤਾਂ ਵਾਂਗ ਜਾਂਦੈ ਪਾਲਿਆ
Sunday, Aug 07, 2016 - 06:09 PM (IST)

ਛੱਤੀਸਗੜ੍ਹ— ਭਾਰਤ ''ਚ ਇਕ ਅਜਿਹੀ ਥਾਂ ਵੀ ਹੈ, ਜਿੱਥੇ ਸੱਪਾਂ ਨੂੰ ਲੋਕ ਪਰਿਵਾਰ ਦੇ ਪੁੱਤਾਂ ਵਾਂਗ ਪਾਲਦੇ ਹਨ। ਇਹ ਜਾਣ ਕੇ ਤੁਹਾਨੂੰ ਭਾਵੇਂ ਹੀ ਹੈਰਾਨੀ ਹੋਵੇ ਪਰ ਇਹ ਸੱਚ ਹੈ। ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲੇ ਵਿਚ ਇਕ ਥਾਂ ਹੈ ਜੋਗੀ ਨਗਰ। ਮਹਾਸਮੁੰਦ ਨਗਰ ਦੇ ਉੱਤਰ ਵਿਚ 10 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਹੈ ਜੋਗੀ ਨਗਰ। ਇੱਥੋਂ ਦੇ ਹਰ ਘਰ ''ਚ ਜ਼ਹਿਰੀਲੇ ਸੱਪ ਪਾਲੇ ਜਾਂਦੇ ਹਨ। ਇਨ੍ਹਾਂ ਸੱਪਾਂ ਦੀ ਦੇਖਭਾਲ ਆਮ ਨਹੀਂ ਸਗੋਂ ਕਿ ਪੁੱਤਾਂ ਵਾਂਗ ਕੀਤੀ ਜਾਂਦੀ ਹੈ।
ਬਸ ਇੰਨਾ ਹੀ ਨਹੀਂ ਸੱਪ ਦੀ ਪਿਟਾਰੇ ''ਚ ਹੀ ਮੌਤ ਹੋ ਜਾਵੇ ਤਾਂ ਪਾਲਣ ਵਾਲਾ ਪੂਰੇ ਸਨਮਾਨ ਨਾਲ ਮ੍ਰਿਤਕ ਸੱਪ ਦਾ ਅੰਤਿਮ ਸੰਸਕਾਰ ਕਰਦਾ ਹੈ। ਉਹ ਵਿਅਕਤੀ ਆਪਣੀ ਦਾੜ੍ਹੀ-ਮੁੱਛਾਂ ਕਟਾਉਂਦਾ ਅਤੇ ਪੂਰੇ ਪਿੰਡ ਵਿਚ ਮ੍ਰਿਤਕ ਭੋਜ ਦਿੰਦਾ ਹੈ। ਜੋਗੀ ਨਗਰ ਦੇ ਲੋਕਾਂ ਦਾ ਮੁੱਖ ਧੰਦਾ ਹੈ, ਸੱਪ ਫੜਨਾ ਅਤੇ ਲੋਕਾਂ ਵਿਚਾਲੇ ਉਨ੍ਹਾਂ ਦੀ ਨੁਮਾਇਸ਼ ਕਰ ਕੇ ਰੋਜ਼ੀ-ਰੋਟੀ ਚਲਾਉਣਾ। ਇਸ ਕੰਮ ''ਚ ਬੱਚੇ ਵੀ ਪੂਰੀ ਦਿਲਚਸਪੀ ਨਾਲ ਵੱਡਿਆਂ ਦਾ ਸਾਥ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਕਿਸੇ ਵੀ ਸੱਪ ਨੂੰ ਸਪੇਰਾ ਸਿਰਫ ਦੋ ਮਹੀਨੇ ਤੱਕ ਹੀ ਆਪਣੇ ਕੋਲ ਰੱਖਦਾ ਹੈ। ਫਿਰ ਉਸ ਨੂੰ ਕਿਤੇ ਦੂਰ ਉੱਚਿਤ ਥਾਂ ''ਤੇ ਛੱਡ ਦਿੱਤਾ ਜਾਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਜੜੀ-ਬੂਟੀਆਂ ਦੇ ਜਾਣਕਾਰ ਸਪੇਰੇ ਸੱਪ-ਬਿੱਛੂ ਤੋਂ ਪੀੜਤ ਲੋਕਾਂ ਦਾ ਇਲਾਜ ਵੀ ਕਰਦੇ ਹਨ। ਫਿਲਹਾਲ ਸਪੇਰਿਆਂ ਦੇ ਸਾਹਮਣੇ ਆਪਣੇ ਪੁਸ਼ਤੈਨੀ ਕੰਮ ਨੂੰ ਜਾਰੀ ਰੱਖਣ ਵਿਚ ਹੁਣ ਮੁਸ਼ਕਲਾਂ ਪੇਸ਼ ਆਉਣ ਲੱਗੀਆਂ ਹਨ। ਜੰਗਲਾਤ ਵਿਭਾਗ ਸੱਪ ਪਾਲਣ ''ਤੇ ਇਤਰਾਜ਼ ਦੇ ਨਾਲ ਲਗਾਤਾਰ ਦਬਾਅ ਬਣਾ ਰਿਹਾ ਹੈ ਕਿ ਸੱਪਾਂ ਨੂੰ ਫੜ ਕੇ ਰੱਖਣਾ ਬੰਦ ਕੀਤਾ ਜਾਵੇ।