ਛੱਤੀਸਗੜ੍ਹ ਦੇ ਇਸ ਪਿੰਡ ''ਚ ਬਿਜਲੀ ਨਹੀਂ, ਫਿਰ ਵੀ ਲੋਕਾਂ ਨੂੰ ਭੇਜ ਦਿੱਤਾ ਬਿੱਲ
Saturday, Sep 21, 2019 - 01:24 PM (IST)
ਬਲਰਾਮਪੁਰ— ਛੱਤੀਸਗੜ੍ਹ ਦੇ ਬਲਰਾਮਪੁਰ ਦੇ ਇਕ ਪਿੰਡ 'ਚ ਹਾਲੇ ਤੱਕ ਬਿਜਲੀ ਨਹੀਂ ਪਹੁੰਚੀ ਹੈ ਪਰ ਇਸ ਦੇ ਬਾਵਜੂਦ ਬਿਜਲੀ ਵਿਭਾਗ ਨੇ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਭੇਜ ਦਿੱਤਾ ਹੈ। ਮਾਮਲਾ ਬਲਰਾਮਪੁਰ ਦੇ ਸਾਨਾਵਾਲ ਪਿੰਡ ਦੇ ਪਟੇੜੀ ਪਾਰਾ ਦਾ ਹੈ। ਇੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ 'ਚ ਬਿਜਲੀ ਦੀ ਸਪਲਾਈ ਨਹੀਂ ਹੁੰਦੀ। ਬੱਚੇ ਹਨ੍ਹੇਰੇ 'ਚ ਲੈਂਪ ਜਗਾ ਕੇ ਪੜ੍ਹਾਈ ਕਰਦੇ ਹਨ ਅਤੇ ਹਨ੍ਹੇਰੇ 'ਚ ਹੀ ਖਾਣਾ ਬਣਦਾ ਹੈ। ਇਸ ਦੇ ਬਾਵਜੂਦ ਇਲਾਕੇ ਦੇ ਲੋਕਾਂ ਨੂੰ ਬਿਜਲੀ ਵਿਭਾਗ ਨੇ ਬਿੱਲ ਭੇਜ ਦਿੱਤੇ ਹਨ। ਇਸ ਤੋਂ ਨਾਰਾਜ਼ ਲੋਕਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਲਰਾਮਪੁਰ ਦੇ ਜ਼ਿਲਾ ਕਲੈਕਟਰ ਸੰਜੀਵ ਕੁਮਾਰ ਝਾਅ ਨੇ ਕਿਹਾ ਹੈ ਕਿ ਮੀਡੀਆ ਰਾਹੀਂ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਲਰਾਮਪੁਰ 'ਚ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ 'ਚ ਝਾਲਪੀ ਪਾਰਾ ਪਿੰਡ 'ਚ ਵੀ ਇਹੀ ਮਾਮਲਾ ਸਾਹਮਣੇ ਆਇਆ ਸੀ। ਮੀਟਰ ਲੱਗਣ ਦੇ 2 ਮਹੀਨੇ ਬਾਅਦ ਤੱਕ ਕਨੈਕਸ਼ਨ ਨਹੀਂ ਲਗਾਇਆ ਗਿਆ ਅਤੇ ਬਿਨਾਂ ਬਿਜਲੀ ਸਪਲਾਈ ਦੇ ਹੀ ਲੋਕਾਂ ਨੂੰ 500-600 ਰੁਪਏ ਦਾ ਬਿੱਲ ਭੇਜ ਦਿੱਤਾ ਗਿਆ।