ਦੇਸ਼ ’ਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਵਾਲੇ ਸੂਬਿਆਂ ’ਚ ਇਹ ਸੂਬਾ ਨੰਬਰ ਇਕ ’ਤੇ

Monday, Apr 04, 2022 - 03:56 PM (IST)

ਰਾਏਪੁਰ (ਭਾਸ਼ਾ)– ਛੱਤੀਸਗੜ੍ਹ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਸੂਬੇ ’ਚ ਬੇਰੁਜ਼ਗਾਰੀ ਦਰ ਸਿਰਫ਼ 0.6 ਫੀਸਦੀ ਹੈ ਅਤੇ ਇਕ ਰਿਪੋਰਟ ਮੁਤਾਬਕ ਛੱਤੀਸਗੜ੍ਹ ਦੇਸ਼ ’ਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਵਾਲੇ ਸੂਬਿਆਂ ’ਚੋਂ ਪਹਿਲੇ ਨੰਬਰ ’ਤੇ ਹੈ। ਸੂਬੇ ਦੇ ਜਨਸੰਪਰਕ ਵਿਭਾਗ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ‘ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੌਨਾਮੀ’ ਵਲੋਂ ਜਾਰੀ ਕੀਤੇ ਗਏ ਬੇਰੁਜ਼ਗਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ ’ਚ ਹੀ ਛੱਤੀਸਗੜ੍ਹ ’ਚ ਬੇਰੁਜ਼ਗਾਰੀ ਦਰ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 0.6 ਫ਼ੀਸਦੀ ’ਤੇ ਪਹੁੰਚ ਗਈ ਹੈ।

ਬਿਆਨ ਮੁਤਾਬਕ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਵਾਲੇ ਸੂਬਿਆਂ ’ਚ ਛੱਤੀਸਗੜ੍ਹ ਦੇਸ਼ ’ਚ ਪਹਿਲੇ ਨੰਬਰ ’ਤੇ ਹੈ। ਮਾਰਚ ’ਚ ਹੀ ਦੇਸ਼ ਦੀ ਬੇਰੁਜ਼ਗਾਰੀ ਦਰ 7.5 ਫ਼ੀਸਦੀ ਰਹੀ। ਸੂਬਾਈ ਸਰਕਾਰੀ ਦੇ ਨੀਤੀਗਤ ਫ਼ੈਸਲੇ ਅਤੇ ਬਿਹਤਰ ਕਾਰਜ ਪ੍ਰਬੰਧਨ ਨਾਲ ਲਗਾਤਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਹੋ ਰਹੇ ਹਨ। ਜਿਸ ਨਾਲ ਸੂਬੇ ਦੇ ਬੇਰੁਜ਼ਗਾਰੀ ਦਰ ’ਚ ਲਗਾਤਾਰ ਗਿਰਾਵਟ ਆ ਰਹੀ ਹੈ। 

ਅੰਕੜਿਆਂ ਮੁਤਾਬਕ ਸਭ ਤੋਂ ਵਧੇਰੇ ਬੇਰੁਜ਼ਗਾਰੀ ਦਰ ਹਰਿਆਣਾ ’ਚ 26.7 ਫ਼ੀਸਦੀ, ਰਾਜਸਥਾਨ ਅਤੇ ਜੰਮੂ-ਕਸ਼ਮੀਰ ’ਚ 25-25 ਫ਼ੀਸਦੀ, ਝਾਰਖੰਡ ’ਚ 14.5 ਫ਼ੀਸਦੀ, ਬਿਹਾਰ ’ਚ 14.4 ਫ਼ੀਸਦੀ, ਤ੍ਰਿਪੁਰਾ ’ਚ 14.1 ਫ਼ੀਸਦੀ, ਹਿਮਾਚਲ ਪ੍ਰਦੇਸ਼ ’ਚ 12.1 ਫੀਸਦੀ ਰਹੀ। ਬਿਆਨ ’ਚ ਕਿਹਾ ਗਿਆ ਹੈ ਕਿ ਛੱਤੀਸਗੜ੍ਹ ਨੇ 3 ਸਾਲ ਪਹਿਲਾਂ ਮਹਾਤਮਾ ਗਾਂਧੀ ਦੇ ਗ੍ਰਾਮ ਸਵਰਾਜ ਮੁਤਾਬਕ ਨਵਾਂ ਮਾਡਲ ਅਪਣਾਇਆ ਸੀ, ਜਿਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚਾਲੇ ਆਰਥਿਕਤਾ ’ਤੇ ਜ਼ੋਰ ਦਿੱਤਾ ਗਿਆ। 


Tanu

Content Editor

Related News