ਛੱਤੀਸਗੜ੍ਹ: ਨਕਸਲੀ ਹਮਲੇ 'ਚ 4 ਜਵਾਨ ਸ਼ਹੀਦ, ਰਾਜਨਾਥ ਨੇ ਕੀਤਾ ਸੋਗ ਜ਼ਾਹਰ
Thursday, Apr 04, 2019 - 04:02 PM (IST)
ਜਗਦਲਪੁਰ— ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ 'ਚ ਵੀਰਵਾਰ ਨੂੰ ਪੁਲਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਏ.ਐੱਸ.ਆਈ. ਪੀ. ਰਾਮਕ੍ਰਿਸ਼ਨਨ ਸਮੇਤ 4 ਜਵਾਨ ਸ਼ਹੀਦ ਹੋ ਗਏ। ਪੁਲਸ ਸੂਤਰਾਂ ਅਨੁਸਾਰ ਪ੍ਰਤਾਪਪੁਰ ਥਾਣੇ ਤੋਂ ਬੀ.ਐੱਸ.ਐੱਫ. ਅਤੇ ਜ਼ਿਲਾ ਪੁਲਸ ਦੀ ਸਾਂਝੀ ਫੋਰਸ ਗਸ਼ਤ ਲਈ ਰਵਾਨਾ ਹੋਈ ਸੀ। ਪਿੰਡ ਮੋਹਲਾ ਕੋਲ ਘਾਤ ਲਗਾਏ ਨਕਸਲੀਆਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਤੁਰੰਤ ਮੋਰਚਾ ਸੰਭਾਲਦੇ ਹੋਏ ਗੋਲੀਬਾਰੀ ਕੀਤੀ।
ਨਕਸਲੀਆਂ ਨੇ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਲਈ ਕਿਹਾ ਸੀ
ਲਗਭਗ ਇਕ ਘੰਟੇ ਦੇ ਮੁਕਾਬਲੇ ਤੋਂ ਬਾਅਦ ਨਕਸਲੀ ਸੰਘਣੇ ਜੰਗਲ ਅਤੇ ਪਹਾੜੀ ਦੀ ਆੜ ਲੈ ਕੇ ਦੌੜ ਗਏ। ਕਾਂਕੇਰ ਪੁਲਸ ਕਮਿਸ਼ਨਰ ਕੇ.ਐੱਲ. ਧਰੁਵ ਨੇ ਚਾਰ ਜਵਾਨਾਂ ਦੀ ਸ਼ਹਾਦਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਲਾਕੇ 'ਚ ਗਸ਼ਤ ਵਧਾ ਦਿੱਤੀ ਗਈ ਹੈ। ਹਮਲਾਵਰ ਨਕਸਲੀਆਂ ਦੀ ਤਲਾਸ਼ 'ਚ ਪੁਲਸ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਹਨ। ਕਾਂਕੇਰ ਲੋਕ ਸਭਾ ਖੇਤਰ 'ਚ ਦੂਜੇ ਪੜਾਅ ਦੇ ਅਧੀਨ 18 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਨਕਸਲੀਆਂ ਨੇ ਕੁਝ ਦਿਨ ਪਹਿਲਾਂ ਇੱਥੇ ਪਰਚੇ ਸੁੱਟ ਕੇ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਲਈ ਕਿਹਾ ਸੀ।ਜਵਾਨਾਂ ਨੇ ਦਿੱਤਾ ਸਰਵਉੱਚ ਬਲੀਦਾਨ
ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਕਸਲੀਆਂ ਨਾਲ ਮੁਕਾਬਲੇ 'ਚ 4 ਜਵਾਨਾਂ ਦੇ ਸ਼ਹੀਦ ਹੋਣ 'ਤੇ ਸੋਗ ਜ਼ਾਹਰ ਕੀਤਾ ਹੈ ਅਤੇ ਜ਼ਖਮੀ ਜਵਾਨਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਨਾਲ ਗੱਲ ਕਰ ਕੇ ਮੁਕਾਬਲੇ ਬਾਰੇਜਾਣਕਾਰੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਡਾਇਰੈਕਟਰ ਜਨਰਲ ਛੱਤੀਸਗੜ੍ਹ ਰਵਾਨਾ ਹੋ ਰਹੇ ਹਨ, ਜਿੱਥੇ ਉਹ ਜ਼ਮੀਨੀ ਹਾਲਤ ਦਾ ਜਾਇਜ਼ਾ ਲੈਣਗੇ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਦੀ ਵਿਵਸਥਾ ਕਰਵਾਉਣਗੇ। ਸ਼੍ਰੀ ਸਿੰਘ ਨੇ ਕਿਹਾ ਕਿ ਜਵਾਨਾਂ ਨੇ ਬਹੁਤ ਬਹਾਦਰੀ ਨਾਲ ਨਕਸਲੀਆਂ ਦਾ ਸਾਹਮਣਾ ਕੀਤਾ ਅਤੇ ਰਾਸ਼ਟਰ ਲਈ ਸਰਵਉੱਚ ਬਲੀਦਾਨ ਦਿੱਤਾ।