ਡਿਜ਼ੀਟਲ ਭਾਰਤ ਦੇ ਪਰਛਾਵੇਂ ਤੋਂ ਵੀ ਦੂਰ ਇਹ ਪਿੰਡ; ਬੀਮਾਰ ਮਾਂ ਤੇ ਬੱਚੇ ਨੂੰ ਟੋਕਰੀ ''ਚ ਬਿਠਾ ਤੈਅ ਕੀਤਾ ਸਫ਼ਰ

Wednesday, Aug 26, 2020 - 06:10 PM (IST)

ਡਿਜ਼ੀਟਲ ਭਾਰਤ ਦੇ ਪਰਛਾਵੇਂ ਤੋਂ ਵੀ ਦੂਰ ਇਹ ਪਿੰਡ; ਬੀਮਾਰ ਮਾਂ ਤੇ ਬੱਚੇ ਨੂੰ ਟੋਕਰੀ ''ਚ ਬਿਠਾ ਤੈਅ ਕੀਤਾ ਸਫ਼ਰ

ਰਾਏਪੁਰ- ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ 'ਚ ਇਕ ਬੀਮਾਰ ਜਨਾਨੀ ਅਤੇ ਉਸ ਦੇ ਨਵਜੰਮ੍ਹੇ ਬੱਚੇ ਨੂੰ ਐਂਬੂਲੈਂਸ ਤੱਕ ਪਹੁੰਚਾਉਣ ਲਈ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਟੋਕਰੀ 'ਚ ਬਿਠਾ ਕੇ 6 ਕਿਲੋਮੀਟਰ ਤੱਕ ਦਾ ਲੰਬਾ ਰਸਤਾ ਪੈਦਲ ਤੈਅ ਕੀਤਾ। ਦੋਹਾਂ ਦੀ ਹਾਲਤ ਸਥਿਰ ਹੈ। ਸੂਰਜਪੁਰ ਜ਼ਿਲ੍ਹੇ ਦੇ ਅਧਿਕਾਰੀਆਂ ਅਨੁਸਾਰ ਐਂਬੂਲੈਂਸ ਨੂੰ ਸੰਘਣੇ ਜੰਗਲਾਂ ਦੇ ਮੱਧ ਵਸੇ ਪਿੰਡ ਤੱਕ ਪਹੁੰਚਾਉਣਾ ਸੰਭਵ ਨਹੀਂ ਸੀ ਇਸ ਲਈ ਇਹ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਹੁਣ ਪਿੰਡ ਤੱਕ ਸੜਕ ਬਣਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਓੜਗੀ ਵਿਕਾਸਖੰਡ ਦੇ ਅਧੀਨ ਬੈਜਨਪਾਠ ਪਿੰਡ ਵਾਸੀ ਕ੍ਰਿਸ਼ਨਾ ਪ੍ਰਸਾਦ ਯਾਦਵ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਦੀ ਪਤਨੀ ਰਾਮਦਸੀਆ (22) ਨੇ ਇਸੇ ਮਹੀਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੇ ਜਨਮ ਦੇ ਬਾਅਦ ਤੋਂ ਹੀ ਮਾਂ ਦੀ ਹਾਲਤ ਠੀਕ ਨਹੀਂ ਸੀ। ਜਦੋਂ ਸੋਮਵਾਰ ਨੂੰ ਉਸ ਨੂੰ ਹਸਪਤਾਲ ਲਿਜਾਉਣ ਦੀ ਨੌਬਤ ਆਈ, ਉਦੋਂ ਪਿੰਡ ਤੱਕ ਐਂਬੂਲੈਂਸ ਦਾ ਪਹੁੰਚ ਪਾਉਣਾ ਮੁਸ਼ਕਲ ਹੋ ਗਿਆ ਸੀ। ਬਾਅਦ 'ਚ ਪਰਿਵਾਰ ਵਾਲਿਆਂ ਦੀ ਮਦਦ ਨਾਲ ਕਾਂਵੜ ਦੇ ਸਹਾਰੇ ਦੋਹਾਂ ਨੂੰ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਯਾਦਵ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦੀ ਪਤਨੀ ਦੀ ਹਾਲਤ ਵਿਗੜੀ, ਉਦੋਂ ਉਨ੍ਹਾਂ ਨੇ ਸਥਾਨਕ ਸਿਹਤ ਕੇਂਦਰ ਨੂੰ ਇਸ ਦੀ ਸੂਚਨਾ ਦਿੱਤੀ ਪਰ ਜਾਣਕਾਰੀ ਮਿਲੀ ਕਿ ਐਂਬੂਲੈਂਸ ਉੱਥੇ ਨਹੀਂ ਪਹੁੰਚ ਸਕਦੀ ਹੈ, ਉਦੋਂ ਕਾਂਵੜ ਦੇ ਸਹਾਰੇ ਦੋਹਾਂ ਨੂੰ 6 ਕਿਲੋਮੀਟਰ ਦੂਰ ਖੋਹਰੀ ਪਿੰਡ ਤੱਕ ਪਹੁੰਚਾਇਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਦੋਹਾਂ ਨੂੰ ਬਿਹਾਰਪੁਰ ਪਿੰਡ ਦੇ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ। ਸੂਰਜਪੁਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਰਾਨਸਾਏ ਸਿੰਘ ਨੇ ਦੱਸਿਆ ਕਿ ਬੈਜਨਪਾਠ ਪਿੰਡ 'ਚ ਜਨਾਨੀ ਦੇ ਬੀਮਾਰ ਹੋਣ ਦੀ ਜਾਣਕਾਰੀ ਮਿਲਣ 'ਤੇ ਬਿਹਾਰਪੁਰ ਸਿਹਤ ਕੇਂਦਰ ਦੇ ਡਾਕਟਰ ਸਮੇਤ ਇਕ ਟੀਮ ਖੋਹਰੀ ਪਿੰਡ ਤੱਕ ਪਹੁੰਚ ਗਈ ਸੀ। ਖੋਹਰੀ ਪਿੰਡ ਤੱਕ ਹੀ ਐਂਬੂਲੈਂਸ ਪਹੁੰਚ ਸਕਦੀ ਹੈ। ਸਿੰਘ ਨੇ ਦੱਸਿਆ ਕਿ ਜਨਾਨੀ ਅਤੇ ਬੱਚੇ ਨੂੰ ਐਂਬੂਲੈਂਸ ਤੱਕ ਲਿਆਉਣ ਲਈ ਪਿੰਡ ਵਾਸੀਆਂ ਨੂੰ ਲਗਭਗ 6 ਕਿਲੋਮੀਟਰ ਪੈਦਲ ਤੁਰਨਾ ਪਿਆ। ਇਸ ਦੇ ਬਾਅਦ ਉੱਥੋਂ ਮਾਂ-ਬੱਚੇ ਨੂੰ ਸਿਹਤ ਕੇਂਦਰ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੀ ਹਾਲਤ ਸਥਿਰ ਹੈ। 

ਸੂਰਜਪੁਰ ਜ਼ਿਲ੍ਹੇ ਦੇ ਜ਼ਿਲਾ ਅਧਿਕਾਰੀ ਰਣਬੀਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦ ਹੀ ਮਨਰੇਗਾ ਯੋਜਨਾ ਦੇ ਅਧੀਨ ਖੇਤਰ 'ਚ ਪਿੰਡਾਂ ਨੂੰ ਜੋੜਨ ਲਈ ਸੜਕਾਂ ਨੂੰ ਮਨਜ਼ੂਰੀ ਦੇਵੇਗਾ। ਸ਼ਰਮਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਸਰਹੱਦ ਨਾਲ ਲੱਗੇ ਓੜਗੀ ਵਿਕਾਸਖੰਡ 'ਚ ਲਗਭਗ 15 ਪਿੰਡ ਹਨ। ਇਨ੍ਹਾਂ ਪਿੰਡਾਂ 'ਚ ਚਾਰ ਪਹੀਆ ਵਾਹਨਾਂ ਦੀ ਪਹੁੰਚ ਲਈ ਸੜਕ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਉਹ ਅਗਲੇ 2-3 ਦਿਨ 'ਚ ਬੈਜਨਪਾਠ ਦਾ ਦੌਰਾ ਕਰਨਗੇ ਅਤੇ ਉਸ ਅਨੁਸਾਰ ਅੱਗੇ ਦੀ ਕਾਰਵਾਈ ਕਰਨਗੇ।


author

DIsha

Content Editor

Related News