ਤੋਹਫ਼ੇ 'ਚ ਮਿਲੇ ਹੋਮ ਥੀਏਟਰ 'ਚ ਜ਼ਬਰਦਸਤ ਧਮਾਕਾ; ਲਾੜੇ ਦੀ ਮੌਤ, 3 ਦਿਨ ਪਹਿਲਾਂ ਹੋਇਆ ਸੀ ਵਿਆਹ

Tuesday, Apr 04, 2023 - 02:59 PM (IST)

ਕਵਰਧਾ- ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿਚ ਵਿਆਹ ਦੇ ਤੋਹਫ਼ੇ 'ਚ ਮਿਲੇ ਹੋਮ ਥੀਏਟਰ ਮਿਊਜ਼ਿਕ ਸਿਸਟਮ 'ਚ ਧਮਾਕਾ ਹੋਣ ਕਾਰਨ ਲਾੜੇ ਅਤੇ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਬੱਚੇ ਸਮੇਤ 5 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਰੇਂਗਾਖਾਰ ਥਾਣਾ ਖੇਤਰ ਦੇ ਚਮਾਰੀ ਪਿੰਡ 'ਚ ਸੋਮਵਾਰ ਨੂੰ ਵਾਪਰੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਧਮਾਕੇ ਕਾਰਨ ਜਿਸ ਕਮਰੇ 'ਚ ਹੋਮ ਥੀਏਟਰ ਰੱਖਿਆ ਗਿਆ ਸੀ, ਉਸ ਦੀਆਂ ਕੰਧਾਂ ਅਤੇ ਛੱਤਾਂ ਢਹਿ ਗਈਆਂ।

ਇਹ ਵੀ ਪੜ੍ਹੋ- ਜਦੋਂ 11,000 ਫੁੱਟ ਦੀ ਉੱਚਾਈ 'ਤੇ ਉੱਡਦੇ ਜਹਾਜ਼ 'ਚ ਹੋ ਗਿਆ ਵੱਡਾ ਸੁਰਾਖ਼, ਫ਼ਲਾਈਟ ਤੋਂ ਹੇਠਾਂ ਡਿੱਗੇ 4 ਯਾਤਰੀ

PunjabKesari

ਰੇਂਗਾਖਾਰ ਰਾਜਧਾਨੀ ਰਾਏਪੁਰ ਤੋਂ ਲਗਭਗ 200 ਕਿਲੋਮੀਟਰ ਦੂਰ ਹੈ ਅਤੇ ਛੱਤੀਸਗੜ੍ਹ-ਮੱਧ ਪ੍ਰਦੇਸ਼ ਸਰਹੱਦ 'ਤੇ ਨਕਸਲ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ। ਕਬੀਰਧਾਮ ਦੀ ਵਧੀਕ ਪੁਲਸ ਸੁਪਰਡੈਂਟ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਹੇਮੇਂਦਰ ਮੇਰਵੀ (22) ਦਾ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਆਹ ਹੋਇਆ ਸੀ ਅਤੇ ਸੋਮਵਾਰ ਨੂੰ ਹੇਮੇਂਦਰ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰ ਆਪਣੇ ਘਰ ਦੇ ਇਕ ਕਮਰੇ 'ਚ ਵਿਆਹ ਦੇ ਤੋਹਫ਼ੇ ਖੋਲ੍ਹ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਹੇਮੇਂਦਰ ਨੇ ਬਿਜਲੀ ਬੋਰਡ ਨਾਲ ਤਾਰ ਜੋੜ ਕੇ ਮਿਊਜ਼ਿਕ ਸਿਸਟਮ ਚਾਲੂ ਕੀਤਾ ਤਾਂ ਉਸ 'ਚ ਧਮਾਕਾ ਹੋ ਗਿਆ। 

ਇਹ ਵੀ ਪੜ੍ਹੋ- MBA ਪਾਸ ਕਾਰੋਬਾਰੀ ਬਣਿਆ ਕੁੜੀ, 3 ਕਿਲੋ ਗਹਿਣਿਆਂ ਨਾਲ ਕੀਤਾ ਸ਼ਿੰਗਾਰ, ਵੇਖਦੇ ਰਹਿ ਗਏ ਲੋਕ

PunjabKesari

ਇਸ ਘਟਨਾ 'ਚ ਹੇਮੇਂਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਠਾਕੁਰ ਨੇ ਦੱਸਿਆ ਕਿ ਇਸ ਘਟਨਾ 'ਚ ਹੇਮੇਂਦਰ ਦਾ ਭਰਾ ਰਾਜਕੁਮਾਰ (30) ਅਤੇ ਡੇਢ ਸਾਲ ਦੇ ਲੜਕੇ ਸਮੇਤ 5 ਹੋਰ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਕਵਰਧਾ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੇਮੇਂਦਰ ਦੇ ਭਰਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬਾਕੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਠਾਕੁਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਮਾਹਰਾਂ ਦੇ ਨਾਲ ਪੁਲਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਸਿਰਫਿਰੇ ਸਖ਼ਸ਼ ਨੇ ਚੱਲਦੀ ਰੇਲ 'ਚ ਲਾਈ ਅੱਗ, ਭਾਜੜ 'ਚ 2 ਸਾਲਾ ਬੱਚੀ ਸਣੇ 3 ਦੀ ਮੌਤ

PunjabKesari

ਰੇਂਗਾਖਾਰ ਥਾਣੇ ਦੇ ਇੰਚਾਰਜ ਦੁਰਗੇਸ਼ ਰਾਓਤੇ ਨੇ ਦੱਸਿਆ ਕਿ ਕਮਰੇ ਦੀ ਜਾਂਚ ਦੌਰਾਨ ਐਲਪੀਜੀ ਗੈਸ ਸਿਲੰਡਰ ਵਰਗੀ ਕੋਈ ਹੋਰ ਜਲਣਸ਼ੀਲ ਸਮੱਗਰੀ ਨਹੀਂ ਮਿਲੀ ਜਿਸ ਕਾਰਨ ਧਮਾਕਾ ਹੋ ਸਕਦਾ ਸੀ। ਰਾਓਤੇ ਨੇ ਕਿਹਾ ਕਿ ਕਮਰੇ ਵਿਚ ਮਿਊਜ਼ਿਕ ਸਿਸਟਮ ਹੀ ਇਕਲੌਤਾ ਯੰਤਰ ਸੀ ਜਿਸ ਵਿਚ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਮਿਲ ਸਕੇਗੀ।


Tanu

Content Editor

Related News