ਛੱਤੀਸਗੜ੍ਹ ''ਚ ਸੁਰੱਖਿਆ ਫ਼ੋਰਸਾਂ ਦਾ ਵੱਡਾ ਐਕਸ਼ਨ: 2 ਮੁਕਾਬਲਿਆਂ ''ਚ 12 ਤੋਂ ਵੱਧ ਨਕਸਲੀ ਕੀਤੇ ਢੇਰ
Saturday, Jan 03, 2026 - 11:51 AM (IST)
ਸੁਕਮਾ- ਛੱਤੀਸਗੜ੍ਹ ਦੇ ਬਸਤਰ ਖੇਤਰ 'ਚ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਹੋਏ 2 ਵੱਖ-ਵੱਖ ਮੁਕਾਬਲਿਆਂ 'ਚ 12 ਤੋਂ ਵੱਧ ਨਕਸਲੀ ਮਾਰੇ ਗਏ ਹਨ। ਪੁਲਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੁਰੱਖਿਆ ਫ਼ੋਰਸਾਂ ਨੇ ਸੁਕਮਾ ਜ਼ਿਲ੍ਹੇ 'ਚ 10 ਤੋਂ ਵੱਧ ਨਕਸਲੀਆਂ ਨੂੰ ਅਤੇ ਗੁਆਂਢੀ ਜ਼ਿਲ੍ਹੇ ਬੀਜਾਪੁਰ 'ਚ 2 ਹੋਰ ਨਕਸਲੀਆਂ ਨੂੰ ਮਾਰ ਦਿੱਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਦੱਖਣੀ ਖੇਤਰ ਦੇ ਜੰਗਲਾਂ 'ਚ ਨਕਸਲ ਵਿਰੋਧੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਅਧਿਕਾਰੀ ਮੁਤਾਬਕ ਹੁਣ ਤੱਕ 10 ਤੋਂ ਵੱਧ ਨਕਸਲੀ ਮਾਰੇ ਜਾ ਚੁੱਕੇ ਹਨ ਅਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਬੀਜਾਪੁਰ ਜ਼ਿਲ੍ਹੇ 'ਚ ਹੋਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਖੇਤਰ 'ਚ ਹਥਿਆਰਬੰਦ ਮਾਓਵਾਦੀਆਂ ਦੀ ਮੌਜੂਦਗੀ ਦੀ ਪੁਖ਼ਤਾ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੀ ਟੀਮ ਨੂੰ ਖੋਜੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ। ਸ਼ਨੀਵਾਰ ਸਵੇਰੇ 5 ਵਜੇ ਤੋਂ ਹੀ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ, ਜਿੱਥੋਂ ਹੁਣ ਤੱਕ 2 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਸੁਰੱਖਿਆ ਕਾਰਨਾਂ ਕਰਕੇ ਅਧਿਕਾਰੀਆਂ ਨੇ ਮੁਕਾਬਲੇ ਵਾਲੀ ਥਾਂ ਅਤੇ ਮੁਹਿੰਮ 'ਚ ਸ਼ਾਮਲ ਜਵਾਨਾਂ ਦੀ ਗਿਣਤੀ ਵਰਗੀ ਸੰਵੇਦਨਸ਼ੀਲ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਹੈ। ਪੁਲਸ ਮੁਤਾਬਕ ਪੂਰੀ ਮੁਹਿੰਮ ਖਤਮ ਹੋਣ ਤੋਂ ਬਾਅਦ ਹੀ ਵਿਸਥਾਰਪੂਰਵਕ ਵੇਰਵੇ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੁਰੱਖਿਆ ਫ਼ੋਰਸਾਂ ਨੇ ਵੱਖ-ਵੱਖ ਮੁਕਾਬਲਿਆਂ 'ਚ 285 ਨਕਸਲੀਆਂ ਨੂੰ ਢੇਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
