ਸੁਰੱਖਿਆ ਫ਼ੋਰਸਾਂ ਨੇ 5 ਨਕਸਲੀ ਕੀਤੇ ਗ੍ਰਿਫ਼ਤਾਰ, ਇਕ ''ਤੇ ਹੈ 5 ਲੱਖ ਦਾ ਇਨਾਮ
Tuesday, Aug 13, 2024 - 02:45 PM (IST)
ਸੁਕਮਾ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਇਕ ਇਨਾਮੀ ਨਕਸਲੀ ਸਮੇਤ 5 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ 5 ਨਕਸਲੀਆਂ ਉਈਕਾ ਚੈਤੂ (30), ਕੁੰਜਾਮ ਸੁਖਲਾਲ (35), ਪਦਾਮ ਹੁੰਗਾ (24), ਪਦਾਮ ਸਨੂੰ (35) ਅਤੇ ਮਹਿਲਾ ਨਕਸਲੀ ਉਈਕਾ ਲਖੇ (35) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਈਕਾ ਚੈਤੂ ਪਰਮਿਲੀ ਏਰੀਆ ਕਮੇਟੀ ਦਾ ਮੈਂਬਰ ਹੈ ਅਤੇ ਉਸ ਦੇ ਸਿਰ 'ਤੇ 5 ਲੱਖ ਦਾ ਇਨਾਮ ਹੈ। ਉਹ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਖੇਤਰ 'ਚ ਸਰਗਰਮ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੀ ਨਕਸਲ ਵਿਰੋਧੀ ਮੁਹਿੰਮ ਦੇ ਅਧੀਨ ਸੋਮਵਾਰ ਨੂੰ ਜਗਰਗੁੰਡਾ ਥਾਣਾ ਤੋਂ ਡੀ.ਆਰ.ਜੀ., ਜ਼ਿਲ੍ਹਾ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਸੰਯੁਕਤ ਦਲ ਨੂੰ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਮਿਸੀਗੁੜਾ ਦੇ ਜੰਗਲ ਅਤੇ ਚਿਕੋਮੇਟਾ ਪਿੰਡ ਦੇ ਕਰੀਬ ਕੁਝ ਸ਼ੱਕੀ ਵਿਅਕਤੀ ਪੁਲਸ ਦਲ ਨੂੰ ਦੇਖ ਕੇ ਦੌੜਨ ਲੱਗੇ, ਜਿਨ੍ਹਾਂ ਨੂੰ ਘੇਰਾਬੰਦੀ ਕਰ ਕੇ ਫੜ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਨਕਸਲੀਆਂ ਕੋਲੋਂ ਵਿਸਫ਼ੋਟਕ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਕਰਨ 'ਤੇ ਨਕਸਲੀਆਂ ਨੇਦੱਸਿਆ ਕਿ ਉਹ ਵੱਡੇ ਨਕਸਲੀਆਂ ਦੇ ਆਦੇਸ਼ 'ਤੇ ਸੁਰੱਖਿਆ ਫ਼ੋਰਸਾਂ ਨੂੰ ਨੁਕਸਾਨ ਪਹੁੰਚਾਉਣ ਲਈ ਮਾਰਗ 'ਤੇ ਬਾਰੂਦੀ ਸੁਰੰਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ 'ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8