ਪ੍ਰੀਖਿਆਵਾਂ ’ਚ ਨਕਲ ਪਲੇਗ ਵਰਗੀ ਮਹਾਮਾਰੀ : ਹਾਈ ਕੋਰਟ

Wednesday, Dec 28, 2022 - 12:02 PM (IST)

ਪ੍ਰੀਖਿਆਵਾਂ ’ਚ ਨਕਲ ਪਲੇਗ ਵਰਗੀ ਮਹਾਮਾਰੀ : ਹਾਈ ਕੋਰਟ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਪ੍ਰੀਖਿਆਵਾਂ ਵਿਚ ਨਕਲ ਕਰਨ ਦੀ ਬੁਰਾਈ ਪਲੇਗ ਦੀ ਤਰ੍ਹਾਂ ਹੈ, ਜੋ ਸਮਾਜ ਅਤੇ ਸਿੱਖਿਆ ਪ੍ਰਣਾਲੀ ਨੂੰ ਬਰਬਾਦ ਕਰ ਸਕਦੀ ਹੈ ਅਤੇ ਅਣਉਚਿਤ ਸਾਧਨਾਂ ਦਾ ਇਸਤੇਮਾਲ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਇਹ ਜ਼ਿਕਰ ਕਰਦੇ ਹੋਏ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਸਿੱਖਿਆ ਪ੍ਰਣਾਲੀ ਸ਼ੁੱਧਤਾਪੂਰਨ ਹੋਣੀ ਚਾਹੀਦੀ ਹੈ।

ਮੁੱਖ ਜੱਜ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਣੀਅਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਅਣਉਚਿਤ ਸਾਧਨਾਂ ਦਾ ਸਹਾਰਾ ਲੈਣ ਵਾਲੇ ਵਿਦਿਆਰਥੀ ਰਾਸ਼ਟਰ ਦਾ ਨਿਰਮਾਣ ਨਹੀਂ ਕਰ ਸਕਦੇ। ਅਦਾਲਤ ਨੇ ਸਿੰਗਲ ਜੱਜ ਦੇ ਹੁਕਮ ਖਿਲਾਫ ਅਪੀਲ ’ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ, ਜਿਸ ਵਿਚ ਅਪੀਲਕਰਤਾ ਇੰਜੀਨੀਅਰਿੰਗ ਵਿਦਿਆਰਥੀ ਵਲੋਂ ਦਿੱਤੀ ਗਈ ਪ੍ਰੀਖਿਆ ਨੂੰ ਰੱਦ ਕਰਨ ਦੇ ਮਾਮਲੇ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਵਿਦਿਆਰਥੀ ਦੂਜੇ ਸਮੈਸਟਰ ਦੀ ਪ੍ਰੀਖਿਆ ਵਿਚ ਅਣਉਚਿਤ ਸਾਧਨਾਂ ਦਾ ਇਸਤੇਮਾਲ ਕਰਦੇ ਪਾਇਆ ਗਿਆ ਸੀ। ਬੈਂਚ ਨੇ ਆਪਣੇ ਹਾਲ ਹੀ ਦੇ ਹੁਕਮ ਵਿਚ ਕਿਹਾ ਕਿ ਪ੍ਰੀਖਿਆ ਵਿਚ ਨਕਲ ਪਲੇਗ ਵਾਂਗ ਹੈ। ਇਹ ਇਕ ਅਜਿਹੀ ਮਹਾਮਾਰੀ ਹੈ, ਜੋ ਕਿਸੇ ਵੀ ਦੇਸ਼ ਦੇ ਸਮਾਜ ਅਤੇ ਸਿੱਖਿਆ ਵਿਵਸਥਾ ਨੂੰ ਬਰਬਾਦ ਕਰ ਸਕਦੀ ਹੈ।


author

Rakesh

Content Editor

Related News