ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ''ਚ ਰੋਕਿਆ ਗਿਆ
Tuesday, May 24, 2022 - 07:58 PM (IST)
ਦੇਹਰਾਦੂਨ (ਭਾਸ਼ਾ)- ਬਰਫ਼ਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ ਚਾਰ ਧਾਮ ਯਾਤਰਾ ਰੋਕ ਦਿੱਤੀ ਗਈ ਅਤੇ ਹਜ਼ਾਰਾਂ ਤੀਰਥ ਯਾਤਰੀਆਂ ਨੂੰ ਚੌਕਸੀ ਵਜੋਂ ਕੇਦਾਰਨਾਥ ਅਤੇ ਯਮੁਨੋਤਰੀ ਦੇ ਮਾਰਗਾਂ ਦਰਮਿਆਨ ਰੋਕ ਦਿੱਤਾ ਗਿਆ। ਕੇਦਾਰਨਾਥ 'ਚ ਮੰਗਲਵਾਰ ਸਵੇਰੇ ਬਰਫ਼ ਪੈਣੀ ਸ਼ੁਰੂ ਹੋਈ ਸੀ, ਉੱਥੇ ਹੀ ਹੇਠਲੇ ਇਲਾਕਿਆਂ 'ਚ ਮੀਂਹ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਗੌਰੀਕੁੰਡ ਅਤੇ ਸੋਨਪ੍ਰਯਾਗ 'ਚ ਯਾਤਰੀਆਂ ਨੂੰ ਰੋਕ ਲਿਆ। ਯਮੁਨੋਤਰੀ ਜਾ ਰਹੇ ਤੀਰਥ ਯਾਤਰੀਆਂ ਨੂੰ ਜਾਨਕੀਚਟੀ 'ਚ ਰੋਕ ਲਿਆ ਗਿਆ।
ਬਦਰੀਨਾਥ ਦੇ ਨੇੜੇ-ਤੇੜੇ ਦੇ ਪਹਾੜਾਂ 'ਤੇ ਵੀ ਬਰਫ਼ ਪੈ ਰਹੀ ਹੈ। ਬੜਕੋਟ ਦੀ ਉੱਪ ਜ਼ਿਲ੍ਹਾ ਅਧਿਕਾਰੀ (ਐੱਸ.ਡੀ.ਐੱਮ.) ਸ਼ਾਲਿਨੀ ਨੇਗੀ ਨੇ ਦੱਸਿਆ ਕਿ ਜਾਨਕੀਚਟੀ 'ਚ ਰੋਕੇ ਗਏ ਸ਼ਰਧਾਲੂਆਂ ਨੇ ਮੌਸਮ ਸਾਫ਼ ਹੋਣ ਤੋਂ ਬਾਅਦ ਅੱਗੇ ਜਾਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸੋਮਵਾਰ ਨੂੰ ਰੋਕੇ ਗਏ ਯਾਤਰੀਆਂ ਨੂੰ ਮੰਗਲਵਾਰ ਸਵੇਰੇ ਯਮੁਨੋਤਰੀ ਮੰਦਰ 'ਚ ਦਰਸ਼ਨ ਲਈ ਜਾਣ ਦਿੱਤਾ ਗਿਆ ਅਤੇ ਉਹ ਦਰਸ਼ਨ ਕਰ ਕੇ ਪਰਤ ਆਏ ਹਨ। ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਮਊਰ ਦੀਕਸ਼ਤ ਨੇ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਾਰਨ ਕੇਦਾਰਨਾਥ ਜਾ ਰਹੇ ਤੀਰਥ ਯਾਤਰੀਆਂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ 'ਚ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਮੌਸਮ ਸਾਫ਼ ਹੋਣ 'ਤੇ ਉਨ੍ਹਾਂ ਨੂੰ ਦਰਸ਼ਨ ਲਈ ਜਾਣ ਦਿੱਤਾ ਜਾਵੇਗਾ। ਇਸ ਸਾਲ ਚਾਰਧਾਮ ਦੀ ਯਾਤਰਾ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਆ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ