ਉੱਤਰਾਖੰਡ ’ਚ ਚਾਰਧਾਮ ਯਾਤਰਾ ਸ਼ੁਰੂ, ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ 6 ਮਹੀਨੇ ਬੰਦ ਰਹਿਣ ਪਿਛੋਂ ਅਕਸ਼ੈ ਤ੍ਰਿਤਯ ’ਤੇ ਖੁੱਲ੍ਹੇ

Wednesday, May 04, 2022 - 05:12 PM (IST)

ਉੱਤਰਾਖੰਡ ’ਚ ਚਾਰਧਾਮ ਯਾਤਰਾ ਸ਼ੁਰੂ, ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ 6 ਮਹੀਨੇ ਬੰਦ ਰਹਿਣ ਪਿਛੋਂ ਅਕਸ਼ੈ ਤ੍ਰਿਤਯ ’ਤੇ ਖੁੱਲ੍ਹੇ

ਦੇਹਰਾਦੂਨ– ਉਤਰਾਖੰਡ ਦੇ ਉਪਰਲੇ ਗੜ੍ਹਵਾਲ ਖੇਤਰ ਵਿੱਚ ਸਥਿਤ ਪ੍ਰਸਿੱਧ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ 6 ਮਹੀਨੇ ਬੰਦ ਰਹਿਣ ਤੋਂ ਬਾਅਦ ਮੰਗਲਵਾਰ ਅਕਸ਼ੈ ਤ੍ਰਿਤਯ ਦੇ ਮੌਕੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ । ਨਾਲ ਹੀ ਚਾਰਧਾਮ ਯਾਤਰਾ ਸ਼ੁਰੂ ਹੋ ਗਈ।

ਉੱਤਰਕਾਸ਼ੀ ਜ਼ਿਲੇ ’ਚ ਸਥਿਤ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਕ੍ਰਮਵਾਰ ਸਵੇਰੇ 11.15 ਵਜੇ ਅਤੇ ਦੁਪਹਿਰ 12.15 ’ਤੇ ਪੂਜਾ ਅਰਚਨਾ ਤੋਂ ਬਾਅਦ ਖੋਲ੍ਹੇ ਗਏ। ਗੰਗੋਤਰੀ ਮੰਦਰ ਦੇ ਖੁਲ੍ਹਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਸਨ।

ਮੰਦਰ ਖੋਲ੍ਹਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਪੂਜਾ ਅਰਚਨਾ ਕੀਤੀ ਗਈ। ਦੋ ਹੋਰ ਮੰਦਰ ਕੇਦਾਰਨਾਥ ਅਤੇ ਬਦਰੀਨਾਥ ਜੋ ਚਾਰਧਾਮ ਵਜੋਂ ਮਸ਼ਹੂਰ ਹਨ, ਦੇ ਕਿਵਾੜ ਕ੍ਰਮਵਾਰ 6 ਮਈ ਅਤੇ 8 ਮਈ ਨੂੰ ਖੁੱਲ੍ਹਣਗੇ। ਧਾਮੀ ਨੇ ਯਮੁਨੋਤਰੀ ਧਾਮ ਦੇ ਮੁੱਖ ਪੁਜਾਰੀਆਂ ਅਤੇ ਉੱਥੇ ਮੌਜੂਦ ਸਾਰੇ ਸ਼ਰਧਾਲੂਆਂ ਨੂੰ ਮੰਦਰ ਦੇ ਕਿਵਾੜ ਖੋਲ੍ਹਣ ਮੌਕੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਸ਼ਰਧਾਲੂਆਂ ਦੀ ਵੱਧ ਤੋਂ ਵੱਧ ਗਿਣਤੀ ਨਿਸ਼ਚਿਤ ਕੀਤੀ ਗਈ
ਚਾਰਧਾਮ ਲਈ ਸੈਰ ਸਪਾਟਾ ਵਿਭਾਗ ਦੇ ਆਨਲਾਈਨ ਪੋਰਟਲ ’ਤੇ ਰਜਿਸਟ੍ਰੇਸ਼ਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਧਾਮਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਹਰ ਰੋਜ਼ ਵੱਧ ਤੋਂ ਵੱਧ 15000 ਸ਼ਰਧਾਲੂ ਬਦਰੀਨਾਥ, 12000 ਕੇਦਾਰਨਾਥ, 7000 ਗੰਗੋਤਰੀ ਅਤੇ 4000 ਯਮੁਨੋਤਰੀ ਦੇ ਦਰਸ਼ਨ ਕਰਨ ਦੇ ਯੋਗ ਹੋਣਗੇ। ਇਹ ਪ੍ਰਬੰਧ ਪਹਿਲੇ 45 ਦਿਨਾਂ ਲਈ ਕੀਤਾ ਗਿਆ ਹੈ।

ਪੜਤਾਲ ਦੌਰਾਨ 2526 ਸ਼ੱਕੀ ਵਿਅਕਤੀ ਮਿਲੇ, 10 ਗ੍ਰਿਫ਼ਤਾਰ
ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪੁਲਸ ਨੇ ਸੂਬੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਜਾਂਚ ਮੁਹਿੰਮ ਚਲਾਈ । ਕੁੱਲ 2526 ਵਿਅਕਤੀ ਸ਼ੱਕੀ ਵਿਅਕਤੀ ਪਾਏ ਗਏ ਜਿਨ੍ਹਾਂ ਵਿੱਚੋਂ 10 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਦਿਲ ਦਾ ਦੌਰਾ ਪੈਣ ਕਾਰਨ 2 ਸ਼ਰਧਾਲੂਆਂ ਦੀ ਮੌਤ
ਯਮੁਨੋਤਰੀ ਧਾਮ ਦੇ ਕਿਵਾੜ ਖੁੱਲ੍ਹਣ ਦੌਰਾਨ ਦਰਸ਼ਨਾਂ ਲਈ ਆਏ 2 ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਵੇਂ ਨੇਤਰਹੀਣ ਸਨ ਅਤੇ ਆਪਣੇ ਆਰਾਮ ਸਥਾਨ ’ਤੇ ਸਨ। ਇੱਕ ਸ਼ਰਧਾਲੂ ਉੱਤਰ ਪ੍ਰਦੇਸ਼ ਦਾ ਅਤੇ ਦੂਜਾ ਰਾਜਸਥਾਨ ਦਾ ਰਹਿਣ ਵਾਲਾ ਸੀ।


author

Rakesh

Content Editor

Related News