ਭਾਜਪਾ ਨੇ ਲੋਕਾਂ ਨਾਲ ਕੀਤਾ ਧੋਖਾ, ਵਾਅਦੇ ਪੂਰੇ ਕਰਨ ''ਚ ਰਹੀ ਅਸਫਲ : ਨਾਇਡੂ

Saturday, Jan 19, 2019 - 06:12 PM (IST)

ਭਾਜਪਾ ਨੇ ਲੋਕਾਂ ਨਾਲ ਕੀਤਾ ਧੋਖਾ, ਵਾਅਦੇ ਪੂਰੇ ਕਰਨ ''ਚ ਰਹੀ ਅਸਫਲ : ਨਾਇਡੂ

ਕੋਲਕਾਤਾ (ਭਾਸ਼ਾ)— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਨਾਇਡੂ ਨੇ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਦੋ-ਗੁਣੀ ਕਰਨ ਸਮੇਤ ਆਪਣੇ ਕਈ ਹੋਰ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੀ। ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਇੱਥੇ ਬ੍ਰਿਗੇਡ ਪਰੇਡ ਮੈਦਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਦਰਸ਼ਨ ਵਾਲੇ ਪ੍ਰਧਾਨ ਮੰਤਰੀ ਨਹੀਂ, ਪ੍ਰਚਾਰ ਵਾਲੇ ਪ੍ਰਧਾਨ ਮੰਤਰੀ ਹਨ।''

ਨਾਇਡੂ ਨੇ ਦਾਅਵਾ ਕੀਤਾ ਕਿ ਮੋਦੀ ਨੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਜੋ ਕਿ ਕਰਜ਼ੇ ਦੇ ਬੋਝ ਕਾਰਨ ਆਪਣੀਆਂ ਜ਼ਿੰਦਗੀਆਂ ਖਤਮ ਕਰ ਰਹੇ ਹਨ। ਉਨ੍ਹਾਂ ਨੇ 'ਦਿਸਾਲਟ' ਤੋਂ ਰਾਫੇਲ ਲੜਾਕੂ ਜਹਾਜ਼ ਖਰੀਦ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ 36 ਜਹਾਜ਼ 126 ਜਹਾਜ਼ਾਂ ਦੀ ਕੀਮਤ 'ਤੇ ਖਰੀਦੇ ਗਏ। ਨੋਟਬੰਦੀ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨੂੰ ਇਕ ਧੋਖਾ ਦੱਸਿਆ। ਨਾਇਡੂ ਨੇ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਗੰਦੀ ਸਿਆਸਤ ਖੇਡ ਰਹੀ ਹੈ। ਸਰਕਾਰ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ. ਬੀ. ਆਈ. ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਈ. ਵੀ. ਐੱਮ. ਇਕ ਵੱਡਾ ਧੋਖਾ ਹੈ ਅਤੇ ਮੰਗ ਕੀਤੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਵਿਚ ਬੈਲਟ ਪੇਪਰਾਂ ਨੂੰ ਵਾਪਸ ਲਿਆ ਜਾਵੇ।


author

Tanu

Content Editor

Related News