ਡੈਮ 'ਚੋਂ ਨਿਕਲ ਕੇ ਰਿਹਾਇਸ਼ੀ ਇਲਾਕੇ 'ਚ ਵੜਿਆ 12 ਫੁੱਟ ਦਾ ਮਗਰਮੱਛ, ਲੋਕ ਸਹਿਮੇ

Sunday, Aug 25, 2024 - 09:20 PM (IST)

ਨੈਸ਼ਨਲ ਡੈਸਕ : ਚੰਦੌਲੀ ਦੇ ਇੱਕ ਪਿੰਡ ਵਿਚ ਇੱਕ ਵਿਸ਼ਾਲ ਮਗਰਮੱਛ ਵੜ ਗਿਆ। ਜਦੋਂ ਕਿਸਾਨਾਂ ਨੇ ਝੋਨੇ ਦੇ ਖੇਤ ਵਿੱਚ ਮਗਰਮੱਛ ਨੂੰ ਘੁੰਮਦੇ ਦੇਖਿਆ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਸੂਚਨਾ ਤੁਰੰਤ ਜੰਗਲਾਤ ਵਿਭਾਗ ਨੂੰ ਦਿੱਤੀ ਗਈ। ਇਸ ਤੋਂ ਬਾਅਦ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਗਰਮੱਛ ਨੂੰ ਰੈਸਕਿਊ ਕੀਤਾ ਅਤੇ ਚੰਦਰਪ੍ਰਭਾ ਡੈਮ 'ਚ ਛੱਡ ਦਿੱਤਾ।

ਜਦੋਂ ਮਗਰਮੱਛ ਨੂੰ ਬਚਾਇਆ ਜਾ ਰਿਹਾ ਸੀ ਤਾਂ ਉਥੇ ਸੈਂਕੜੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਖੇਤ 'ਚ ਮੌਜੂਦ ਵਿਸ਼ਾਲ ਮਗਰਮੱਛ ਨੂੰ ਦੇਖ ਕੇ ਲੋਕ ਡਰ ਗਏ। ਜੰਗਲਾਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮਗਰਮੱਛ ਨੂੰ ਕਾਬੂ ਕੀਤਾ ਅਤੇ ਉਸ ਤੋਂ ਬਾਅਦ ਚੰਦਰਪ੍ਰਭਾ ਡੈਮ ਵਿੱਚ ਛੱਡ ਦਿੱਤਾ ਗਿਆ।

12 ਫੁੱਟ ਲੰਬਾ ਸੀ ਮਗਰਮੱਛ 
ਚੰਦੌਲੀ ਜ਼ਿਲ੍ਹੇ ਦੇ ਚੱਕੀਆ ਇਲਾਕੇ 'ਚ ਵਿਜੇਪੁਰਵਾ ਗ੍ਰਾਮ ਸਭਾ ਦੇ ਪਿੰਡ ਸੁਖਦੇਵਪੁਰ 'ਚ ਕਰੀਬ 12 ਫੁੱਟ ਲੰਬਾ ਇਕ ਵਿਸ਼ਾਲ ਮਗਰਮੱਛ ਪਹੁੰਚ ਗਿਆ ਸੀ। ਚੰਦੌਲੀ ਦਾ ਇਹ ਇਲਾਕਾ ਪਹਾੜੀ ਇਲਾਕਾ ਹੈ। ਇੱਥੇ ਕਈ ਪਹਾੜੀ ਨਾਲੇ ਅਤੇ ਛੋਟੀਆਂ ਨਦੀਆਂ ਵਗਦੀਆਂ ਹਨ। ਇਲਾਕੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਸਾਰੇ ਨਾਲਿਆਂ ਅਤੇ ਨਦੀਆਂ ਵਿੱਚ ਪਾਣੀ ਭਰ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਸ਼ਾਲ ਮਗਰਮੱਛ ਇਨ੍ਹਾਂ 'ਚੋਂ ਇਕ ਚੰਦਰਪ੍ਰਭਾ ਡਰੇਨ 'ਚੋਂ ਨਿਕਲ ਕੇ ਰਿਹਾਇਸ਼ੀ ਇਲਾਕੇ 'ਚ ਆ ਗਿਆ ਸੀ। ਦਰਅਸਲ, ਕਿਸਾਨ ਤੜਕੇ ਹੀ ਆਪਣੇ ਖੇਤਾਂ ਵੱਲ ਚਲੇ ਗਏ ਸਨ। ਫਿਰ ਉਨ੍ਹਾਂ ਦੀ ਨਜ਼ਰ ਖੇਤ ਵਿਚ ਮੌਜੂਦ ਇਕ ਵਿਸ਼ਾਲ ਮਗਰਮੱਛ 'ਤੇ ਪਈ।

ਰੈਸਕਿਊ ਕਰਨ 'ਚ ਲੱਗੇ 4 ਘੰਟੇ
ਝੋਨੇ ਦੇ ਖੇਤ ਵਿਚ ਮਗਰਮੱਛ ਦੇ ਆਉਣ ਦੀ ਖ਼ਬਰ ਦੂਰ-ਦੂਰ ਤੱਕ ਫੈਲ ਗਈ ਅਤੇ ਮੌਕੇ 'ਤੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ 'ਤੇ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਇਸ ਵਿਸ਼ਾਲ ਮਗਰਮੱਛ ਨੂੰ ਕਾਬੂ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ, ਜਿਸ ਅਨੁਸਾਰ ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇਸ ਵਿਸ਼ਾਲ ਮਗਰਮੱਛ ਨੂੰ ਕਾਬੂ ਕੀਤਾ ਗਿਆ ਤੇ ਬਾਅਦ ਵਿੱਚ ਜੰਗਲਾਤ ਵਿਭਾਗ ਦੀ ਟੀਮ ਇਸ ਨੂੰ ਆਪਣੇ ਨਾਲ ਲੈ ਗਈ।

ਖੇਤਰੀ ਜੰਗਲਾਤ ਅਧਿਕਾਰੀ ਚੱਕੀਆ ਰੇਂਜ ਅਸ਼ਵਨੀ ਚੌਬੇ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਸੀ ਕਿ ਵਿਜੇਪੁਰਵਾ ਪਿੰਡ ਦੇ ਸੁਖਦੇਵਪੁਰ ਦੇ ਖੇਤ ਵਿੱਚ ਇੱਕ ਮਗਰਮੱਛ ਆ ਗਿਆ ਹੈ। ਅਸੀਂ ਤੁਰੰਤ ਰਾਜਪਥ ਰੇਂਜ ਅਤੇ ਚੱਕੀਆ ਰੇਂਜ ਤੋਂ ਟੀਮ ਬਣਾ ਕੇ ਮੌਕੇ 'ਤੇ ਪਹੁੰਚ ਗਏ। ਇਹ ਮਗਰਮੱਛ ਚੰਦਰਪ੍ਰਭਾ ਡਰੇਨ 'ਚੋਂ ਨਿਕਲ ਕੇ ਕਿਸਾਨਾਂ ਦੇ ਖੇਤਾਂ 'ਚ ਆ ਗਿਆ ਸੀ। ਇਹ ਮਗਰਮੱਛ ਲਗਭਗ 12 ਫੁੱਟ ਲੰਬਾ ਸੀ ਅਤੇ ਇਸ ਦਾ ਭਾਰ 2 ਕੁਇੰਟਲ ਤੋਂ ਵੱਧ ਸੀ। ਮਗਰਮੱਛ ਨੂੰ ਸੁਰੱਖਿਅਤ ਹਾਲਤ ਵਿੱਚ ਫੜ ਲਿਆ ਗਿਆ ਅਤੇ ਚੰਦਰਪ੍ਰਭਾ ਡੈਮ ਵਿੱਚ ਲਿਆਂਦਾ ਗਿਆ ਅਤੇ ਛੱਡ ਦਿੱਤਾ ਗਿਆ।


Baljit Singh

Content Editor

Related News