ਮੋਦੀ, ਹਰਸ਼ਵਰਧਨ ਅਤੇ ਹੰਸ ਸਮੇਤ ਕਈ ਹਸਤੀਆਂ ਦੀ ਚੋਣ ਨੂੰ ਅਦਾਲਤ ’ਚ ਚੁਣੌਤੀ

07/13/2019 11:20:31 AM

ਨਵੀਂ ਦਿੱਲੀ–ਲੋਕ ਸਭਾ ਚੋਣਾਂ ਖਤਮ ਹੋਏ ਕਾਫੀ ਸਮਾਂ ਹੋ ਗਿਆ ਪਰ ਕਈ ਨੇਤਾ ਅਜਿਹੇ ਹਨ, ਜੋ ਆਪਣੀ ਹਾਰ ਨਹੀਂ ਪਚਾ ਰਹੇ ਹਨ ਅਤੇ ਜੇਤੂ ਉਮੀਦਵਾਰਾਂ ਦੀ ਚੋਣ ਨੂੰ ਅਦਾਲਤ 'ਚ ਚੁਣੌਤੀ ਦੇ ਰਹੇ ਹਨ। ਜਿਥੇ ਰਾਮਪੁਰ ਤੋਂ ਜੈਪ੍ਰਦਾ ਸਪਾ ਸੰਸਦ ਮੈਂਬਰ ਆਜ਼ਮ ਖਾਨ ਦੇ ਵਿਰੁੱਧ ਪਟੀਸ਼ਨ ਦਾਇਰ ਕਰ ਚੁੱਕੀ ਹੈ, ਉਥੇ ਸਹਾਰਨਪੁਰ ਦੇ ਸਾਬਕਾ ਸੰਸਦ ਮੈਂਬਰ ਰਾਘਵ ਲੱਖਣਪਾਲ ਸ਼ਰਮਾ ਨੇ ਵੀ ਸਹਾਰਨਪੁਰ ਦੇ ਸੰਸਦ ਮੈਂਬਰ ਹਾਜ਼ੀ ਫਜ਼ਲ-ਉਰ-ਰਹਿਮਾਨ ਦੀ ਚੋਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਰਾਘਵ ਲੱਖਣਪਾਲ ਸ਼ਰਮਾ ਨੇ ਪਟੀਸ਼ਨ 'ਚ ਬਸਪਾ ਮੁਖੀ ਮਾਇਆਵਤੀ ਦੀ ਚੋਣ ਸਭਾ ਦੌਰਾਨ ਦਿੱਤੇ ਗਏ ਭਾਸ਼ਣ ਨੂੰ ਆਧਾਰ ਬਣਾਇਆ ਹੈ। ਓਧਰ ਦਿੱਲੀ ਹਾਈ ਕੋਰਟ 'ਚ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦੇ ਲੋਕ ਸਭਾ ਚੋਣ 'ਚ ਚੁਣੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਹੰਸ ਨੇ 2019 ਦੀਆਂ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦੇ ਨਾਲ ਦਾਇਰ ਹਲਫਨਾਮੇ 'ਚ ਗਲਤ ਸੂਚਨਾ ਦਿੱਤੀ।

ਮੋਦੀ : ਗਲਤ ਤਰੀਕੇ ਨਾਲ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਦੋਸ਼-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਮੈਂਬਰ ਦੇ ਤੌਰ ’ਤੇ ਵਾਰਾਣਸੀ ਤੋਂ ਚੁਣੇ ਜਾਣ ਨੂੰ ਚੁਣੌਤੀ ਦੇਣ ਵਾਲੀ ਇਕ ਚੋਣ ਪਟੀਸ਼ਨ ਇਲਾਹਾਬਾਦ ਹਾਈ ਕੋਰਟ 'ਚ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਬੀ. ਐੱਸ. ਐੱਫ. ਤੋਂ ਬਰਖਾਸਤ ਤੇਜ ਬਹਾਦਰ ਯਾਦਵ ਨੇ ਦਾਇਰ ਕੀਤੀ ਹੈ, ਜੋ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਣ ਚੋਣ ਨਹੀਂ ਲੜ ਸਕੇ ਸਨ। ਉਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਕਥਿਤ ਦਬਾਅ ਦੇ ਕਾਰਣ ਵਾਰਾਣਸੀ ਦੇ ਚੋਣ ਅਧਿਕਾਰੀ ਨੇ ਗਲਤ ਤਰੀਕੇ ਨਾਲ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਰੱਦ ਕੀਤਾ ਸੀ।

ਹਰਸ਼ਵਰਧਨ : ਭ੍ਰਿਸ਼ਟਾਚਾਰ ਦਾ ਇਲਜ਼ਾਮ-
ਦਿੱਲੀ ਹਾਈ ਕੋਰਟ ਨੇ ਕੇਂਦਰੀ ਮੰਤਰੀ ਹਰਸ਼ਵਰਧਨ ਤੋਂ ਵੀਰਵਾਰ ਨੂੰ ਉਸ ਪਟੀਸ਼ਨ ’ਤੇ ਜਵਾਬ ਮੰਗਿਆ, ਜਿਸ 'ਚ ਇਥੇ ਚਾਂਦਨੀ ਚੌਕ ਚੋਣ ਖੇਤਰ ਤੋਂ ਲੋਕ ਸਭਾ ਲਈ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦਿੱਤੀ ਗਈ ਹੈ। ਚਾਂਦਨੀ ਚੌਕ ਚੋਣ ਖੇਤਰ ਤੋਂ ਮਤਦਾਤਾ ਹੋਣ ਦਾ ਦਾਅਵਾ ਕਰਨ ਵਾਲੇ ਅਰੁਣ ਕੁਮਾਰ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਨੇਤਾ ਆਪਣੀ ਪਤਨੀ ਵਲੋਂ ਖਰੀਦੇ ਗਏ ਰਿਹਾਇਸ਼ੀ ਅਪਾਰਟਮੈਂਟ ਦੀ ਅਸਲ ਕੀਮਤ ਦਾ ਖੁਲਾਸਾ ਨਾ ਕਰ ਕੇ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ।

ਆਜ਼ਮ ਖਾਨ : ਲਾਭ ਦਾ ਅਹੁਦਾ-
ਅਭਿਨੇਤਰੀ ਤੋਂ ਨੇਤਾ ਬਣੀ ਜੈਪ੍ਰਦਾ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ ਸੰਸਦੀ ਖੇਤਰ ਤੋਂ ਆਜ਼ਮ ਖਾਨ ਦੇ ਚੋਣ ਨੂੰ ਚੁਣੌਤੀ ਦਿੰਦੇ ਹੋਏ ਇਲਾਹਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਦੋਸ਼ ਲਾਇਆ ਕਿ ਚੋਣਾਂ ਦੇ ਸਮੇਂ ਆਜ਼ਮ ਖਾਨ ਚਾਂਸਲਰ ਦੇ ਅਹੁਦੇ ’ਤੇ ਸਨ, ਜੋ ਕਿ ਲਾਭ ਦਾ ਅਹੁਦਾ ਹੈ।

ਪ੍ਰਗਿਆ ਠਾਕੁਰ : ਫਿਰਕੂ ਭਾਵਨਾਵਾਂ ਨੂੰ ਭੜਕਾਉਣਾ-
ਭੋਪਾਲ ਦੇ ਰਾਕੇਸ਼ ਦੀਕਸ਼ਿਤ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਹੈ ਕਿ ਪ੍ਰਗਿਆ ਨੇ ਫਿਰਕੂ ਭਾਵਨਾਵਾਂ ਨੂੰ ਭੜਕਾਇਆ ਅਤੇ ਚੋਣ ਜਿੱਤਣ ਲਈ ਉਹ ਭ੍ਰਿਸ਼ਟਾਚਾਰ 'ਚ ਸ਼ਾਮਲ ਸੀ।ਇਕ ਹੋਰ ਮਤਦਾਤਾ ਰਾਜ ਕੁਮਾਰ ਚੌਹਾਨ ਨੇ ਸਿੱਧੀ ਤੋਂ ਭਾਜਪਾ ਸੰਸਦ ਮੈਂਬਰ ਰਿਤਿਕ ਪਾਠਕ ਦੀ ਜਿੱਤ ਨੂੰ ਚੁਣੌਤੀ ਦਿੱਤੀ ਹੈ।

ਨਿਤਿਨ ਗਡਕਰੀ: ਚੋਣ ਪ੍ਰਕਿਰਿਆ ’ਚ ਬੇਨਿਯਮੀਆਂ-
ਕਾਂਗਰਸ ਨੇਤਾ ਨਾਨਾ ਪਟੋਲੇ ਨੇ ਲੋਕ ਸਭਾ ਚੋਣਾਂ 'ਚ ਨਿਤਿਨ ਗਡਕਰੀ ਦੇ ਨਾਗਪੁਰ ਤੋਂ ਚੁਣੇ ਜਾਣ ਨੂੰ ਬੰਬਈ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਚੋਣ ਪ੍ਰਕਿਰਿਆ 'ਚ ਬੇਨਿਯਮੀਆਂ ਦਾ ਦੋਸ਼ ਲਾਇਆ ਹੈ। ਗਡਕਰੀ ਨੇ ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ 'ਚ ਪਟੋਲੇ ਨੂੰ 1.97 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ।


Iqbalkaur

Content Editor

Related News