ਕੇਂਦਰ ਨੇ ਪਿਛਲੇ 11 ਸਾਲਾਂ ’ਚ ਘੱਟਗਿਣਤੀਆਂ ’ਤੇ ਖਰਚੇ 7,641 ਕਰੋੜ ਰੁਪਏ: ਕੁਰਿਅਨ
Tuesday, Dec 09, 2025 - 02:23 AM (IST)
ਨਵੀਂ ਦਿੱਲੀ : ਰਾਜ ਸਭਾ ’ਚ ਸੋਮਵਾਰ ਨੂੰ ਘੱਟਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਜਾਰਜ ਕੁਰਿਅਨ ਨੇ ਦੱਸਿਆ ਕਿ ਕੇਂਦਰ ਨੇ ਸਿੱਖ ਭਾਈਚਾਰੇ ਅਤੇ ਹੋਰ ਘੱਟਗਿਣਤੀਆਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਪਿਛਲੇ 11 ਸਾਲਾਂ ’ਚ 7,641 ਕਰੋੜ ਰੁਪਏ ਖਰਚੇ ਹਨ। ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਤਹਿਤ ਰਾਸ਼ਟਰੀ ਘੱਟਗਿਣਤੀ ਵਿਕਾਸ ਅਤੇ ਵਿੱਤ ਨਿਗਮ ਸਿੱਖ ਭਾਈਚਾਰੇ ਅਤੇ ਹੋਰ ਸੂਚਿਤ ਘੱਟਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਯੋਜਨਾਵਾਂ ਨੂੰ ਲਾਗੂ ਕਰਦਾ ਹੈ।
ਉੱਚ ਸਦਨ ’ਚ ਕੁਰਿਅਨ ਨੇ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ, ‘1994 ’ਚ ਆਪਣੀ ਸ਼ੁਰੂਆਤ ਤੋਂ ਐੱਨ. ਐੱਮ. ਡੀ. ਐੱਫ. ਸੀ. ਨੇ ਵੱਖ-ਵੱਖ ਯੋਜਨਾਵਾਂ ਤਹਿਤ 10,225.83 ਕਰੋੜ ਰੁਪਏ ਵੰਡੇ ਹਨ, ਜਿਨ੍ਹਾਂ ’ਚੋਂ 27.35 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ।’ ਉਨ੍ਹਾਂ ਕਿਹਾ, ‘ਇਸ ’ਚੋਂ ਪਿਛਲੇ 11 ਸਾਲਾਂ ’ਚ 7,641 ਕਰੋੜ ਰੁਪਏ ਘੱਟਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਵੰਡੇ ਗਏ ਹਨ, ਜਿਨ੍ਹਾਂ ’ਚ ਸਿੱਖ ਭਾਈਚਾਰਾ ਵੀ ਸ਼ਾਮਲ ਹੈ।’
