ਕੇਂਦਰ ਸਰਕਾਰ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਕਰ ਰਹੀ ਹੈ ਕੋਸ਼ਿਸ਼ : ਪ੍ਰਿਅੰਕਾ
Sunday, Feb 09, 2025 - 06:34 PM (IST)
ਵਾਇਨਾਡ (ਏਜੰਸੀ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਐਤਵਾਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਤਿਹਾਸ ’ਚ ਪਹਿਲੀ ਵਾਰ ਕੋਈ ਸਰਕਾਰ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਦੋਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਰਲ ਦੇ ਏਰਾਨਾਡ ਵਿਧਾਨ ਸਭਾ ਹਲਕੇ ’ਚ ਪਾਰਟੀ ਦੇ ਬੂਥ-ਪੱਧਰ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਵਾਇਨਾਡ ਦੀ ਸੰਸਦ ਮੈਂਬਰ ਪ੍ਰਿਅੰਕਾ ਨੇ ਕਿਹਾ ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਜ ਅਸੀਂ ਜੋ ਲੜਾਈ ਲੜ ਰਹੇ ਹਾਂ, ਉਹ ਸਿਰਫ਼ ਸਾਡੀ ਆਪਣੀ ਰਾਜਨੀਤੀ ਤੇ ਵਿਚਾਰਧਾਰਾ ਦੀ ਲੜਾਈ ਨਹੀਂ ਸਗੋਂ ਭਾਰਤ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ਨੂੰ ਬਚਾਉਣ ਦੀ ਲੜਾਈ ਹੈ।
ਵਾਇਨਾਡ ਦੇ ਆਪਣੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਪ੍ਰਿਅੰਕਾ ਨੇ ਮਨੁੱਖ-ਪਸ਼ੂ ਸੰਘਰਸ਼ ਦੇ ਮੁੱਦੇ ’ਤੇ ਗੱਲ ਕੀਤੀ ਤੇ ਕਿਹਾ ਕਿ ਉਹ ਕੇਂਦਰ ਤੇ ਸੂਬਾ ਸਰਕਾਰ ਨੂੰ ਹੋਰ ਫੰਡ ਅਲਾਟ ਕਰਨ ਲਈ ਲਿਖੇਗੀ ਕਿਉਂਕਿ ਪ੍ਰਭਾਵਸ਼ਾਲੀ ਸੁਰੱਖਿਆ ਉਪਾਵਾਂ ਲਈ ਲੋੜੀਂਦੇ ਫੰਡਾਂ ਦੀ ਲੋੜ ਹੈ। ਮੀਟਿੰਗ ਤੋਂ ਬਾਅਦ ਮਨੁੱਖ-ਪਸ਼ੂ ਸੰਘਰਸ਼ ਦੇ ਮੁੱਦੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਮੁੱਦਾ ਪਹਿਲਾਂ ਵੀ ਉਠਾਇਆ ਹੈ ਤੇ ਭਵਿੱਖ ’ਚ ਵੀ ਅਜਿਹਾ ਕਰਨਾ ਜਾਰੀ ਰੱਖਾਂਗੀ। ਉਨ੍ਹਾਂ ਕਿਹਾ ਕਿ ਜੰਗਲਾਤ ਗਾਰਡਾਂ, ਚੌਕੀਦਾਰਾਂ ਤੇ ਹੋਰਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਬਿਹਤਰ ਨਿਗਰਾਨੀ, ਬਿਹਤਰ ਸੁਰੱਖਿਆ ਉਪਾਅ ਤੇ ਫੰਡਿੰਗ ਵਧਾਉਣ ਦੀ ਲੋੜ ਹੈ।