ਯੂਕ੍ਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ
Friday, Sep 16, 2022 - 10:20 AM (IST)
ਨਵੀਂ ਦਿੱਲੀ (ਵਾਰਤਾ)- ਯੂਕ੍ਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ ’ਚ ਦਾਖ਼ਲਾ ਦੇਣ ਦੀ ਮੰਗ ’ਤੇ ਸੁਪਰੀਮ ਕੋਰਟ ’ਚ ਵੀਰਵਾਰ ਨੂੰ ਸੁਣਵਾਈ ਟਲ ਗਈ ਹੈ। ਇਸ ਮਾਮਲੇ ’ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਇਕ ਹਲਫ਼ਨਾਮਾ ਦਾਖ਼ਲ ਕਰ ਕੇ ਕਿਹਾ ਸੀ ਕਿ ਇਨ੍ਹਾਂ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ ’ਚ ਦਾਖ਼ਲਾ ਦੇਣਾ ਕਾਨੂੰਨੀ ਤੌਰ ’ਤੇ ਸੰਭਵ ਨਹੀਂ ਹੈ। ਸਰਕਾਰ ਨੇ ਕਿਹਾ ਕਿ ਇਹ ਉਹ ਵਿਦਿਆਰਥੀ ਹਨ ਜੋ ਜਾਂ ਤਾਂ ‘ਨੀਟ’ ’ਚ ਘੱਟ ਅੰਕਾਂ ਕਾਰਨ ਜਾਂ ਸਸਤੀ ਪੜ੍ਹਾਈ ਲਈ ਉੱਥੇ ਗਏ ਸਨ। ਕੇਂਦਰ ਨੇ ਦੱਸਿਆ ਕਿ ਇਹ ਵਿਦਿਆਰਥੀ ਯੂਕ੍ਰੇਨ ਦੇ ਕਾਲਜ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਦੂਜੇ ਦੇਸ਼ਾਂ ’ਚ ਡਿਗਰੀ ਪੂਰੀ ਕਰਨ ਦੀ ਚੋਣ ਕਰ ਸਕਦੇ ਹਨ।
ਇਹ ਵੀ ਪੜ੍ਹੋ : PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ
ਕੇਂਦਰ ਨੇ ਹਲਫ਼ਨਾਮੇ ’ਚ ਕਿਹਾ ਹੈ ਕਿ ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਖ਼ਰਾਬ ਮੈਰਿਟ ਦੇ ਬਾਵਜੂਦ ਦੇਸ਼ ਦੇ ਸਭ ਤੋਂ ਪ੍ਰਮੁੱਖ ਮੈਡੀਕਲ ਕਾਲਜਾਂ ’ਚ ਦਾਖ਼ਲਾ ਦਿੱਤਾ ਜਾਂਦਾ ਹੈ ਤਾਂ ਇਹ ਉਨ੍ਹਾਂ ਵਿਦਿਆਰਥੀਆਂ ਨਾਲ ਨਾਇਨਸਾਫ਼ੀ ਹੋਵੇਗੀ, ਜੋ ਘੱਟ ‘ਨੀਟ’ ਸਕੋਰ ਕਾਰਨ ਇਨ੍ਹਾਂ ਕਾਲਜਾਂ ’ਚ ਦਾਖ਼ਲਾ ਨਹੀਂ ਲੈ ਸਕੇ ਸਨ ਅਤੇ ਉਨ੍ਹਾਂ ਨੂੰ ਹੋਰ ਕਾਲਜਾਂ ’ਚ ਦਾਖ਼ਲਾ ਲੈਣਾ ਪਿਆ ਸੀ। ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਾਈਵੇਟ ਕਾਲਜਾਂ ’ਚ ਦਾਖ਼ਲਾ ਦਿੰਦੇ ਹਾਂ ਤਾਂ ਉਹ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਫੀਸਾਂ ਭਰਨ ਦੇ ਸਮਰੱਥ ਨਹੀਂ ਵੀ ਹੋ ਸਕਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ