ਪੱਛਮੀ ਬੰਗਾਲ ’ਚ ਫਰਜ਼ੀ ਕੋਵਿਡ ਟੀਕਾਕਰਨ ਦੀ ਕੇਂਦਰ ਨੇ ਮੰਗੀ ਰਿਪੋਰਟ, ਮਮਤਾ ਨਾਰਾਜ਼
Thursday, Jul 01, 2021 - 12:35 AM (IST)
ਕੋਲਕਾਤਾ – ਫਰਜ਼ੀ ਕੋਵਿਡ-19 ਟੀਕਾਕਰਨ ਕੈਂਪ ਦੇ ਆਯੋਜਨ ’ਤੇ ਕੇਂਦਰ ਵੱਲੋਂ ਪੱਛਮੀ ਬੰਗਾਲ ਸਰਕਾਰ ਕੋਲੋਂ ਰਿਪੋਰਟ ਤਲਬ ਕਰਨ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਕਿਹਾ ਕਿ ਸੂਬਾ ਸਰਕਾਰ ਦਾ ਇਸ ਨਾਲ ਕੋਈ ਸਬੰਧ ਨਹੀਂ। ਕਿਤੇ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰਨ ਵਿਚ ਭਾਜਪਾ ਦਾ ਤਾਂ ਹੱਥ ਨਹੀਂ? ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੁਝ ਏਜੰਸੀਆਂ ਦੀ ਵਰਤੋਂ ਕਰ ਕੇ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਸੂਬਾਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਵੱਲੋਂ ਮਾਮਲੇ ਵੱਲ ਧਿਆਨ ਦਿਵਾਏ ਜਾਣ ਪਿੱਛੋਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਕ੍ਰਿਸ਼ਨ ਦਿਵੇਦੀ ਨੂੰ 29 ਜੂਨ ਨੂੰ ਚਿੱਠੀ ਲਿਖ ਕੇ ਮਾਮਲੇ ਵਿਚ ਤੱਥਾਂ ਸਮੇਤ ਰਿਪੋਰਟ ਮੰਗੀ ਹੈ। ਸਿਹਤ ਮੰਤਰਾਲਾ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਭੇਜੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਬੈਨਰਜੀ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਚਿੱਠੀ ਉਦੋਂ ਨਹੀਂ ਭੇਜੀ ਗਈ ਜਦੋਂ ਗੁਜਰਾਤ ਵਿਚ ਭਾਜਪਾ ਦੇ ਦਫਤਰ ਵਿਚ ਟੀਕੇ ਦੀ ਖੁਰਾਕ ਦਿੱਤੀ ਗਈ ਸੀ।
ਕੋਲਕਾਤਾ ਵਿਚ ਕਈ ਲੋਕਾਂ ਨੂੰ ਸ਼ੱਕੀ ਟੀਕਾਕਰਨ ਕੈਂਪ ਆਯੋਜਿਤ ਕਰਨ ਅਤੇ ਫਰਜ਼ੀ ਟੀਕੇ ਦੀ ਖੁਰਾਕ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਖੁਦ ਨੂੰ ਆਈ. ਏ. ਐੱਸ. ਦਾ ਅਧਿਕਾਰੀ ਦੱਸਣ ਵਾਲਾ ਸਰਗਣਾ ਵੀ ਸ਼ਾਮਲ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।