ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ 17 ਘੰਟੇ ਫਸੇ ਰਹੇ ਮੁੱਖ ਚੋਣ ਕਮਿਸ਼ਨਰ

Friday, Oct 18, 2024 - 04:16 PM (IST)

ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ 17 ਘੰਟੇ ਫਸੇ ਰਹੇ ਮੁੱਖ ਚੋਣ ਕਮਿਸ਼ਨਰ

ਪਿਥੌਰਾਗੜ੍ਹ- ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਰਾਜੀਵ ਕੁਮਾਰ  ਉੱਤਰਾਖੰਡ ਦੀ ਆਪਣੀ ਹਾਲ ਹੀ ਦੀ ਫੇਰੀ ਨੂੰ ਸ਼ਾਇਦ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਨੂੰ ਪਿਥੌਰਾਗੜ੍ਹ ਜ਼ਿਲ੍ਹੇ ਦੇ ਕਰੀਬ 12,000 ਫੁੱਟ ਦੀ ਉਚਾਈ 'ਤੇ ਸਥਿਤ ਰਾਲਮ ਪਿੰਡ ਲਿਜਾਇਆ ਗਿਆ। ਬੁੱਧਵਾਰ ਨੂੰ ਉਨ੍ਹਾਂ ਦੇ ਹੈਲੀਕਾਪਟਰ ਦੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ। ਖਰਾਬ ਮੌਸਮ ਕਾਰਨ ਉਨ੍ਹਾਂ ਨੂੰ 17 ਘੰਟੇ ਠੰਡ 'ਚ ਬਿਤਾਉਣੇ ਪਏ। ਇਸ ਦੌਰਾਨ ਉਨ੍ਹਾਂ ਦੇ ਨਾਲ ਹੈਲੀਕਾਪਟਰ ਡਰਾਈਵਰ ਅਤੇ ਉੱਤਰਾਖੰਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਵਿਜੇ ਕੁਮਾਰ ਜੋਗਦਾਂਡੇ ਸਮੇਤ ਤਿੰਨ ਹੋਰ ਲੋਕ ਸਨ। ਇਹ ਸਾਰੇ ਬੁੱਧਵਾਰ ਪੂਰੀ ਰਾਤ ਬਿਨਾਂ ਗਰਮ ਕਪੜਿਆਂ ਅਤੇ ਰਜਾਈ ਦੇ ਖਾਲੀ ਘਰ ਵਿਚ ਕੰਬਦੇ ਰਹੇ ਅਤੇ ਵੀਰਵਾਰ ਸਵੇਰੇ 6 ਵਜੇ ਰਾਲਮ ਤੋਂ ਮੁਨਸਿਆਰੀ ਲਈ ਰਵਾਨਾ ਹੋਏ।

ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਅਤੇ ਉਨ੍ਹਾਂ ਦੀ ਟੀਮ ਬੁੱਧਵਾਰ ਨੂੰ ਮਿਲਮ ਪਿੰਡ ਜਾ ਰਹੀ ਸੀ ਪਰ ਆਸਮਾਨ 'ਚ ਬੱਦਲਵਾਈ ਹੋਣ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਦੀ ਮੁਨਸਿਆਰੀ ਤੋਂ 42 ਕਿਲੋਮੀਟਰ ਪਹਿਲਾਂ ਰਾਲਮ ਪਿੰਡ ਦੇ ਇਕ ਖੇਤ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਨੋਦ ਗਿਰੀਸ਼ ਗੋਸਵਾਮੀ ਨੇ ਕਿਹਾ ਕਿ 16 ਅਕਤੂਬਰ (ਬੁੱਧਵਾਰ) ਦੁਪਹਿਰ ਕਰੀਬ 1 ਵਜੇ ਸੀ. ਈ. ਸੀ ਨੇ ਸਾਨੂੰ ਆਪਣੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਬਾਰੇ ਸੂਚਿਤ ਕੀਤਾ ਅਤੇ ਸਾਨੂੰ ਦੱਸਿਆ ਕਿ ਉਹ ਸਾਰੇ ਸੁਰੱਖਿਅਤ ਹਨ। ਅਸੀਂ ਮਿਲਮ ਅਤੇ ਲਿਲਮ 'ਚ ਮੌਜੂਦ ITBP (ਇੰਡੋ ਤਿੱਬਤੀਅਨ ਬਾਰਡਰ ਪੁਲਸ) ਦੀਆਂ ਚੌਕੀਆਂ ਨੂੰ ਤੁਰੰਤ ਹੈਲੀਕਾਪਟਰ ਲੈਂਡਿੰਗ ਵਾਲੀ ਥਾਂ 'ਤੇ ਪਹੁੰਚਣ ਲਈ ਕਿਹਾ ਹੈ।

ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੂੰ ਵੀ ਰਾਲਮ ਵਿਚ ਹੈਲੀਕਾਪਟਰ ਉਤਰਨ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪਾਤੋ ਦੇ ਪਿੰਡ ਪ੍ਰਧਾਨ ਈਸ਼ਵਰ ਸਿੰਘ ਨਬਿਆਲ ਵੀ 8 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਨਬਿਆਲ ਦੇਰ ਰਾਤ 1 ਵਜੇ ਮੌਕੇ 'ਤੇ ਪਹੁੰਚਣ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਨੇ ਆਪਣੇ ਨਾਲ ਲਿਆਂਦੇ ਸੁੱਕੇ ਮੇਵੇ ਟੀਮ ਦੇ ਮੈਂਬਰਾਂ ਨੂੰ ਦਿੱਤੇ। ਗੋਸਵਾਮੀ ਨੇ ਦੱਸਿਆ ਕਿ ਆਈ. ਟੀ. ਬੀ. ਪੀ. ਦੀ ਟੀਮ ਸਵੇਰੇ 5 ਵਜੇ ਜੀਵਨ ਰੱਖਿਅਕ ਦਵਾਈਆਂ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਲੈ ਕੇ ਮੌਕੇ 'ਤੇ ਪਹੁੰਚੀ, ਜਿਸ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਅਤੇ ਉਨ੍ਹਾਂ ਦੀ ਟੀਮ ਸਵੇਰੇ 6 ਵਜੇ ਮੁਨਸਿਆਰੀ ਲਈ ਰਵਾਨਾ ਹੋ ਗਈ।


author

Tanu

Content Editor

Related News