ਗੋਲੀਬੰਦੀ ਉਲੰਘਣਾ : ਸਰਹੱਦ ਉਤੇ ਜੰਗ ਵਰਗੇ ਹਾਲਾਤ, ਨਾਗਰਿਕ ਦੀ ਮੌਤ

01/23/2018 9:11:58 AM

ਜੰਮੂ/ਆਰ. ਐੱਸ. ਪੁਰਾ/ ਬਿਸ਼ਨਾਹ/ਨੌਸ਼ਹਿਰਾ — ਗੋਲੀਬੰਦੀ ਦੀ ਉਲੰਘਣਾ ਪਿਛਲੇ ਕੁਝ ਦਿਨਾਂ ਤੋਂ ਰੁਕ ਨਹੀਂ ਰਹੀ। ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਕਾਰਨ ਭਾਰਤ-ਪਾਕਿ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਜੰਗ ਵਰਗੇ ਹਾਲਾਤ ਬਣ ਗਏ ਹਨ। ਐਤਵਾਰ ਅਤੇ ਸੋਮਵਾਰ ਦੀ ਰਾਤ ਨੂੰ ਵੀ ਪਾਕਿਸਤਾਨ ਵਲੋਂ ਭਾਰਤੀ ਸੁਰੱਖਿਆ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਖੁੱਲ੍ਹ ਕੇ ਗੋਲਾਬਾਰੀ ਕੀਤੀ ਗਈ, ਜਿਸ 'ਚ 1 ਨਾਗਰਿਕ ਦੀ ਮੌਤ ਹੋ ਗਈ, ਜਦਕਿ ਬੀ. ਐੱਸ. ਐੱਫ. ਦਾ 1 ਜਵਾਨ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਕਈ ਜਾਨਵਰ ਮਾਰੇ ਗਏ ਹਨ ਅਤੇ ਬਹੁਤ ਸਾਰੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। 
ਆਰ. ਐੱਸ. ਪੁਰਾ ਦੇ ਐੱਸ. ਡੀ. ਐੱਮ. ਨਰੇਸ਼ ਸੂਦਨ ਨੇ ਤਣਾਅਪੂਰਨ ਹਾਲਾਤ ਨੂੰ ਦੇਖਦਿਆਂ ਆਰ. ਐੱਸ. ਪੁਰਾ ਸੈਕਟਰ ਵਿਚ ਸਰਹੱਦ ਨਾਲ ਲੱਗਦੇ 5 ਕਿ. ਮੀ. ਦੇ ਇਲਾਕੇ 'ਚ ਆਉਣ ਵਾਲੇ ਸਾਰੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿਜਰਤ ਕਰ ਕੇ ਸੁਰੱਖਿਅਤ ਥਾਵਾਂ 'ਤੇ ਪ੍ਰਸ਼ਾਸਨ ਵਲੋਂ ਸਥਾਪਿਤ ਕੈਂਪਾਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਸਹਾਰਾ ਲਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਜੰਮੂ ਜ਼ਿਲੇ ਦੇ ਕਾਨਾ ਚੱਕ, ਆਰ. ਐੱਸ. ਪੁਰਾ  ਇਲਾਕੇ ਦੇ ਅਬਦੁੱਲਿਆਂ, ਸਾਮਕਾ, ਅਖਨੂਰ ਇਲਾਕੇ ਦੇ ਪਰਗਵਾਲ, ਗੜਖਾਲ, ਬਿਸ਼ਨਾਹ ਇਲਾਕੇ ਦੇ ਅਰਨੀਆ, ਸਾਂਬਾ ਜ਼ਿਲੇ ਦੇ ਰਾਮਗੜ੍ਹ ਅਤੇ ਪੁੰਛ ਜ਼ਿਲੇ ਦੇ ਬਾਲਾਕੋਟ 'ਚ ਪੂਰੀ ਤਰ੍ਹਾਂ ਰੁਕ-ਰੁਕ ਕੇ ਗੋਲਾਬਾਰੀ ਕੀਤੀ ਜਾਂਦੀ ਰਹੀ। 
ਭਾਰਤੀ ਸੁਰੱਖਿਆ ਬਲਾਂ ਨੇ ਵੀ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਇਸੇ ਦੌਰਾਨ ਕਾਨਾ ਚੱਕ ਵਿਚ ਦੇਸਰਾਜ ਨਾਮੀ ਵਿਅਕਤੀ ਪਾਕਿਸਤਾਨੀ ਗੋਲਾਬਾਰੀ ਦਾ ਸ਼ਿਕਾਰ ਹੋ ਗਿਆ। ਜੰਮੂ ਮੈਡੀਕਲ ਕਾਲਜ ਵਿਚ ਦੇਸਰਾਜ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। 
ਉਧਰ ਅਰਨੀਆ ਅਤੇ ਰਾਮਗੜ੍ਹ ਵਿਚਾਲੇ ਸੀਮਾ ਸੁਰੱਖਿਆ ਬਲ ਦੀ ਬੀ. ਓ. ਪੀ. ਸਟਾਪ-ਟੂ 'ਤੇ ਆਪਣੀ ਡਿਊਟੀ 'ਤੇ ਤਾਇਨਾਤ 62 ਬਟਾਲੀਅਨ ਦਾ ਕਾਂਸਟੇਬਲ ਅਰੁਣ ਵਰਮਾ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਪਾਕਿਸਤਾਨੀ ਗੋਲਾਬਾਰੀ ਦੀ ਲਪੇਟ ਵਿਚ ਆਉਣ ਨਾਲ ਨੌਸ਼ਹਿਰਾ ਇਲਾਕੇ 'ਚ ਪਿੰਡ ਕੜਾਲੀ 'ਚ ਰਹਿਣ ਵਾਲੇ ਸੁਭਾਸ਼ ਚੰਦਰ ਪੁੱਤਰ ਓਮ ਪ੍ਰਕਾਸ਼ ਅਤੇ ਰਾਮ ਭੇਜਾ ਪੁੱਤਰ ਚੌਧਰੀ ਰਾਮ ਦੇ 2 ਮਕਾਨ ਅਤੇ ਪਿੰਡ ਝੰਗੜ ਵਿਚ ਬਿਜਲੀ ਦਾ ਟਰਾਂਸਫਾਰਮਰ ਮੋਰਟਾਰ ਸ਼ੈੱਲ ਡਿੱਗਣ ਨਾਲ ਤਬਾਹ ਹੋ ਗਿਆ।


Related News