ਅਫਵਾਹਾਂ ਨੂੰ ਲੈ ਕੇ ਸੀ. ਬੀ. ਐੱਸ. ਈ. ਨੇ ਕੀਤਾ ਵਿਦਿਆਰਥੀਆਂ ਨੂੰ ਅਲਰਟ
Tuesday, Feb 28, 2023 - 11:16 AM (IST)
 
            
            ਨਵੀਂ ਦਿੱਲੀ- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ 5 ਅਪ੍ਰੈਲ ਤੱਕ ਜਾਰੀ ਰਹਿਣਗੀਆਂ।
ਇਸ ਦਰਮਿਆਨ ਬੋਰਡ ਦੇ ਧਿਆਨ ’ਚ ਆਇਆ ਹੈ ਕਿ ਕੁਝ ਸਮਾਜ ਵਿਰੋਧੀ ਅਨਸਰ ਲਗਾਤਾਰ ਯੂ-ਟਿਊਬ, ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ’ਤੇ ਪੇਪਰ ਲੀਕ ਹੋਣ ਦੀਆਂ ਅਫਵਾਹਾਂ ਫੈਲਾ ਰਹੇ ਹਨ ਅਤੇ 2023 ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਤੱਕ ਪਹੁੰਚ ਦਾ ਦਾਅਵਾ ਕਰ ਰਹੇ ਹਨ। ਇਹ ਵਿਅਕਤੀ, ਗਰੁੱਪ ਅਤੇ ਏਜੰਸੀਆਂ ਭੋਲੇ-ਭਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲੁੱਟਣ ਦਾ ਇਰਾਦਾ ਰੱਖਦੇ ਹਨ ਅਤੇ ਬਦਲੇ ’ਚ ਪੈਸੇ ਦੀ ਮੰਗ ਕਰਦੇ ਹਨ।
ਇਸ ਸਬੰਧੀ ਸੀ. ਬੀ. ਐੱਸ. ਈ. ਨੇ ਜਨਹਿੱਤ ’ਚ ਅਲਰਟ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਸੀ. ਬੀ. ਐੱਸ. ਈ. ਬੋਰਡ ਇਮਤਿਹਾਨਾਂ ਬਾਰੇ ਅਫਵਾਹਾਂ ਅਤੇ ਫਰਜ਼ੀ ਜਾਣਕਾਰੀ ਫੈਲਾਉਣ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਚੌਕਸ ਅਤੇ ਸਰਗਰਮ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            