ਜੇਐੱਨਯੂ ਕੈਂਪਸ ਦੀਆਂ ਕੰਧਾਂ ’ਤੇ ਲਿਖੀਆਂ ਜਾਤੀ ਸੂਚਕ ਗਾਲ੍ਹਾਂ : ਐੱਨਐੱਸਯੂਆਈ
Saturday, Jul 20, 2024 - 07:25 PM (IST)
ਨਵੀਂ ਦਿੱਲੀ : ਕਾਂਗਰਸ ਦੇ ਵਿਦਿਆਰਥੀ ਵਿੰਗ ‘ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ’ (ਐੱਨ. ਐੱਸ. ਯੂ. ਆਈ.) ਨੇ ਦੋਸ਼ ਲਗਾਇਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਕੈਂਪਸ ਦੀਆਂ ਕੰਧਾਂ ’ਤੇ ਜਾਤੀਸੂਚਕ ਗਾਲ੍ਹਾਂ ਅਤੇ ਫਿਰਕੂ ਨਾਅਰੇ ਲਿਖੇ ਪਾਏ ਗਏ।
ਐੱਨ. ਐੱਸ. ਯੂ. ਆਈ. ਦੀ ਜੇ. ਐੱਨ. ਯੂ. ਯੂਨਿਟ ਦੇ ਜਨਰਲ ਸਕੱਤਰ ਕੁਨਾਲ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਦੋਸ਼ ਲਾਇਆ ਕਿ ਕੈਂਪਸ ਵਿਚ ਕਾਵੇਰੀ ਹੋਸਟਲ ਦੀਆਂ ਕੰਧਾਂ ’ਤੇ ‘ਦਲਿਤ ਭਾਰਤ ਛੱਡੋ’, ‘ਬ੍ਰਾਹਮਣ ਬਾਣੀਆ ਜ਼ਿੰਦਾਬਾਦ’ ਅਤੇ ‘ਆਰ. ਐੱਸ. ਐੱਸ. ਜ਼ਿੰਦਾਬਾਦ’ ਵਰਗੇ ਨਾਅਰੇ ਲਿਖੇ ਹੋਏ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਕੰਧਾਂ ਨੂੰ ਪੇਂਟ ਕਰਵਾ ਦਿੱਤਾ। ‘ਡੀਨ ਆਫ ਸਟੂਡੈਂਟਸ’ ਮਨੁਰਾਧਾ ਚੌਧਰੀ ਵਲੋਂ ਦੋਸ਼ਾਂ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਕਾਵੇਰੀ ਹੋਸਟਲ ਦੇ ਵਾਰਡਨ ਮਨੀਸ਼ ਕੁਮਾਰ ਬਰਨਵਾਲ ਨੇ ਦੋਸ਼ਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।