ਕੇਰਲ ''ਚ ਅਵਾਰਾ ਕੁੱਤਿਆਂ ਤੋਂ ਬਚਣ ਲਈ ਬੰਦੂਕ ਲਿਜਾਣ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ

09/17/2022 6:51:29 PM

ਕਾਸਰਗੋਡ (ਭਾਸ਼ਾ)- ਕੇਰਲ ਦੇ ਕਾਸਰਗੋਡ ਜ਼ਿਲ੍ਹੇ 'ਚ ਆਪਣੇ ਬੱਚਿਆਂ ਨੂੰ ਮਦਰੱਸੇ ਲਿਜਾਂਦੇ ਸਮੇਂ ਆਵਾਰਾ ਕੁੱਤਿਆਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਬੰਦੂਕ ਰੱਖਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਦਾ ਖੁਦ ਨੋਟਿਸ ਲੈਂਦਿਆਂ ਦੋਸ਼ੀ ਸਮੀਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਵੀਡੀਓ 'ਚ ਸਮੀਰ ਬੱਚਿਆਂ ਦੇ ਇਕ ਗਰੁੱਪ ਨੂੰ ਨੇੜਲੇ ਮਦਰੱਸੇ 'ਚ ਲਿਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਸਮੀਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇ ਕੋਈ ਆਵਾਰਾ ਕੁੱਤਾ ਉਸ ’ਤੇ ਹਮਲਾ ਕਰਦਾ ਹੈ ਤਾਂ ਉਹ ਉਸ ਨੂੰ ਬੰਦੂਕ ਨਾਲ ਮਾਰ ਦੇਵੇਗਾ। 

 

ਬੇਕਲ ਪੁਲਸ ਨੇ ਦੱਸਿਆ ਕਿ ਸਮੀਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਮੀਰ ਨੇ ਸ਼ੁੱਕਰਵਾਰ ਮੀਡੀਆ ਨੂੰ ਕਿਹਾ ਸੀ ਕਿ ਪਿਤਾ ਹੋਣ ਦੇ ਨਾਤੇ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਯਕੀਨੀ ਕਰੇ। ਉਸ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਬੰਦੂਕ ਚੁੱਕਣ ਲਈ ਮਜਬੂਰ ਹੋਣਾ ਪਿਆ। ਉਸ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਕਾਰਨ ਉਸ ਦੇ ਅਤੇ ਗੁਆਂਢੀਆਂ ਦੇ ਬੱਚਿਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਪਿਛਲੇ ਕੁਝ ਸਮੇਂ ਤੋਂ ਖੇਤਰ 'ਚ ਆਵਾਰਾ ਕੁੱਤਿਆਂ ਦਾ ਮੁੱਦਾ ਗਰਮਾਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News