ਵਿਦਿਆਰਥੀ ਨੂੰ ਥੱਪੜ ਮਾਰਨ ਦਾ ਮਾਮਲਾ : ਤੀਜੇ ਦਿਨ ਵੀ ਬੰਦ ਰਿਹਾ ਸਕੂਲ
Monday, Aug 28, 2023 - 04:17 PM (IST)
ਮੁਜ਼ੱਫਰਨਗਰ- ਜ਼ਿਲ੍ਹੇ ਦੇ ਉਸ ਨਿਜੀ ਸਕੂਲ ਦੇ ਮੈਨੇਜਮੈਂਟ ਨੇ ਸੋਮਵਾਰ ਨੂੰ ਤੀਜੇ ਦਿਨ ਵੀ ਬੰਦ ਰੱਖਿਆ, ਜਿੱਥੇ ਇਕ ਅਧਿਆਪਕਾ ਵੱਲੋਂ ਦੂਜੀ ਜਮਾਤ ਦੇ ਇਕ ਵਿਦਿਆਰਥੀ ਨੂੰ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਕੋਲੋਂ ਥੱਪੜ ਮਾਰਨ ਦੀ ਘਟਨਾ ਹੋਈ ਸੀ। ਮੈਨੇਜਮੈਂਟ ਨੇ ਸਿੱਖਿਆ ਵਿਭਾਗ ਵਲੋਂ ਭੇਜੇ ਗਏ ਨੋਟਿਸ ਦਾ ਜਵਾਬ ਦੇਣ 'ਚ ਰੁਝੇਵੇਂ ਦਾ ਹਵਾਲਾ ਦੇ ਕੇ ਸੋਮਵਾਰ ਨੂੰ ਸਕੂਲ ਬੰਦ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਬੇਸਿਕ ਸਿੱਖਿਆ ਅਧਿਕਾਰੀ (ਬੀ.ਐੱਸ.ਏ.) ਸ਼ੁਭਮ ਸ਼ੁਕਲਾ ਨੇ ਅੱਜ ਇੱਥੇ ਦੱਸਿਆ ਕਿ ਸਕੂਲ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕਰ ਕੇ 28 ਅਗਸਤ ਸੋਮਵਾਰ ਤੱਕ ਜਵਾਬ ਦੇਣ ਨੂੰ ਕਿਹਾ ਗਿਆ ਹੈ। ਸਕੂਲ ਨੇ ਆਪਣੀ ਮਾਨਤਾ ਨੂੰ ਰਿਨਿਊ ਨਹੀਂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਸੋਮਵਾਰ ਤੱਕ ਦੀ ਮੋਹਲਤ ਦਿੱਤੀ ਗਈ ਹੈ ਅਤੇ ਜਵਾਬ ਨਾ ਦੇਣ 'ਤੇ ਸਕੂਲ ਦੀ ਮਾਨਤਾ ਖ਼ਤਮ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਮਾਮਲੇ 'ਚ ਅੱਜ ਸੁਣਵਾਈ ਹੋਵੇਗੀ। ਬੇਸਿਕ ਸਿੱਖਿਆ ਅਧਿਕਾਰੀ ਨੇ ਇਹ ਵੀ ਕਿਹਾ ਕਿ ਸਕੂਲ ਬੰਦ ਨਹੀਂ ਕਰਵਾਇਆ ਜਾਵੇਗਾ ਅਤੇ ਵਿਕਲਪ ਤਿਆਰ ਹੋਣ ਤੱਕ ਵਿਦਿਆਰਥੀਆਂ ਦੀ ਸਿੱਖਿਆ ਚੱਲਦੀ ਰਹੇਗੀ। ਪਿਛਲੇ ਸ਼ੁੱਕਰਵਾਰ ਨੂੰ ਮੁਜੱਫਰਨਗਰ ਦੇ ਖੱਬੂਪੁਰ ਪਿੰਡ 'ਚ ਸਥਿਤ ਇਕ ਪ੍ਰਾਈਵੇਟ ਸਕੂਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਅਧਿਆਪਕਾ ਤ੍ਰਿਪਤਾ ਤਿਆਗੀ ਨੂੰ ਦੂਜੀ ਜਮਾਤ ਦੇ ਇਕ ਮੁਸਲਿਮ ਵਿਦਿਆਰਥੀ ਨੂੰ ਹੋਮਵਰਕ ਨਾ ਕਰਨ 'ਤੇ ਉਸ ਦੇ ਸਾਥੀ ਸਹਿਪਾਠੀਆਂ ਨੂੰ ਬੁਲਾ ਕੇ ਥੱਪੜ ਮਰਵਾਉਂਦੇ ਹੋਏ ਦੇਖਿਆ ਗਿਆ ਹੈ।
ਇਸ ਘਟਨਾ ਦੀ ਸਾਰੇ ਪਾਸੇ ਕਾਫ਼ੀ ਨਿੰਦਾ ਹੋਈ। ਸ਼ਨੀਵਾਰ ਨੂੰ ਪੀੜਤ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਧਿਆਪਕਾ ਤ੍ਰਿਪਤਾ ਤਿਆਗੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ- 323 (ਇੱਛਾ ਨਾਲ ਸੱਟ ਮਾਰਨ ਦੀ ਸਜ਼ਾ) ਅਤੇ 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣ-ਬੁੱਝ ਕੇ ਅਪਮਾਨ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਤਿਆਗੀ ਨੇ ਆਪਣੇ ਬਚਾਅ 'ਚ ਕਿਹਾ ਕਿ ਇਸ ਮਾਮਲੇ ਨੂੰ ਫਿਰਕੂ ਰੰਗ ਦੇਣ ਲਈ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਉਸ ਨੇ ਦਾਅਵਾ ਕੀਤਾ ਕਿ ਵੀਡੀਓ ਵਿਦਿਆਰਥੀ ਦੇ ਚਾਚੇ ਨੇ ਬਣਾਈ ਸੀ। ਅਧਿਆਪਕਾ ਨੇ ਮੰਨਿਆ ਕਿ ਵਿਦਿਆਰਥੀ ਦੇ ਸਾਥੀਆਂ 'ਤੋਂ ਥੱਪੜ ਮਰਵਾਉਣਾ ਗਲਤ ਸੀ ਪਰ ਉਸ ਨੇ ਦਿਵਿਯਾਂਗ ਹੋਣ ਕਾਰਨ ਖੜ੍ਹੇ ਹੋ ਕੇ ਉਸ ਤੱਕ ਨਹੀਂ ਪਹੁੰਚ ਸਕਦੀ ਸੀ, ਇਸ ਲਈ ਉਸਨੇ ਇਹ ਕਦਮ ਚੁੱਕਿਆ।