ਮਾਮਲਾ ਧਾਰਾ 35-ਏ ਦਾ : ਕਸ਼ਮੀਰ ''ਚ ਕਰਫਿਊੂ ਵਰਗੇ ਹਾਲਾਤ, ਦੋ ਦਿਨ ਲਈ ਰੱਦ ਕੀਤੀ ਅਮਰਨਾਥ ਯਾਤਰਾ
Sunday, Aug 05, 2018 - 07:23 PM (IST)
ਸ਼੍ਰੀਨਗਰ/ਜੰਮੂ (ਮਜੀਦ, ਮਗੋਤਰਾ)- ਸੁਪਰੀਮ ਕੋਰਟ ਵਿਚ ਧਾਰਾ 35-ਏ ਦੀ ਜਾਇਜ਼ਤਾ ਨੂੰ ਕਾਨੂੰਨੀ ਚੁਨੌਤੀ ਦੇਣ ਵਿਰੁੱਧ ਸਮਾਜਿਕ ਸੰਗਠਨਾਂ ਅਤੇ ਵੱਖਵਾਦੀਆਂ ਵਲੋਂ ਦਿੱਤੇ ਗਏ ਪੂਰਨ ਬੰਦ ਦੇ ਸੱਦੇ ਕਾਰਨ ਐਤਵਾਰ ਕਸ਼ਮੀਰ ਵਾਦੀ 'ਚ ਕਰਫਿਊ ਵਰਗੇ ਹਾਲਾਤ ਰਹੇ ਅਤੇ ਆਮ ਜ਼ਿੰਦਗੀ ਬੁਰੀ ਤਰ੍ਹਾਂ ਉਥਲ-ਪੁਥਲ ਹੋਈ। ਪ੍ਰਸ਼ਾਸਨ ਨੇ ਅਮਰਨਾਥ ਯਾਤਰਾ ਨੂੰ ਦੋ ਦਿਨ ਲਈ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕਸ਼ਮੀਰ ਵਾਦੀ 'ਚ ਸੋਮਵਾਰ ਵੀ ਟਰੇਨ ਸੇਵਾਵਾਂ ਮੁਅੱਤਲ ਰਹਿਣਗੀਆਂ।
ਪ੍ਰਸ਼ਾਸਨ ਨੇ ਹੁਰੀਅਤ ਕਾਨਫਰੰਸ ਦੇ ਦੋਹਾਂ ਗਰੁੱਪਾਂ ਦੇ ਚੇਅਰਮੈਨਾਂ ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਇਜ਼ ਉਮਰ ਫਾਰੂਕ ਨੂੰ ਐਤਵਾਰ ਨਜ਼ਰਬੰਦ ਕਰ ਦਿੱਤਾ ਜਦ ਕਿ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰੰਟ ਦਾ ਮੁਖੀ ਯਾਸੀਨ ਮਲਿਕ ਸ਼ਨੀਵਾਰ ਰਾਤ ਤੋਂ ਹੀ ਅੰਡਰਗਰਾਊਂਡ ਹੋ ਗਿਆ। ਵਪਾਰੀਆਂ ਨੇ ਸ਼੍ਰੀਨਗਰ ਦੇ ਲਾਲ ਚੌਕ ਇਲਾਕੇ ਵਿਚ ਰੋਹ ਭਰਿਆ ਵਿਖਾਵਾ ਕੀਤਾ।
ਅਧਿਕਾਰੀਆਂ ਮੁਤਾਬਕ ਬੰਦ ਦੇ ਬਾਵਜੂਦ ਵਾਦੀ ਵਿਚ ਮਾਹੌਲ ਸ਼ਾਂਤਮਈ ਰਿਹਾ ਅਤੇ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਹੀਂ ਵਾਪਰੀ।
ਪੁਲਸ ਮੁਤਾਬਕ ਜੰਮੂ ਦੇ ਭਾਗਵਤੀ ਨਗਰ ਦੇ ਯਾਤਰੀ ਨਿਵਾਸ ਤੋਂ ਐਤਵਾਰ ਕਿਸੇ ਵੀ ਸ਼ਰਧਾਲੂ ਨੂੰ ਅਮਰਨਾਥ ਯਾਤਰਾ ਲਈ ਨਹੀਂ ਜਾਣ ਦਿੱਤਾ ਗਿਆ। ਊਧਮਪੁਰ ਅਤੇ ਰਾਮਬਨ ਵਿਖੇ ਵਿਸ਼ੇਸ਼ ਜਾਂਚ ਚੌਕੀਆਂ ਬਣਾਈਆਂ ਗਈਆਂ ਹਨ ਤਾਂ ਜੋ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਤੀਰਥ ਯਾਤਰੀਆਂ ਦਾ ਜਥਾ ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਨਾ ਪੁੱਜੇ। ਇਹ ਸੜਕ ਇਨ੍ਹਾਂ ਦੋਹਾਂ ਜ਼ਿਲਿਆਂ ਵਿਚੋਂ ਹੋ ਕੇ ਲੰਘਦੀ ਹੈ।
ਬੰਦ ਦੇ ਸੱਦੇ ਨੂੰ ਸਥਾਨਕ ਵੱਖ-ਵੱਖ ਸੰਗਠਨਾਂ ਨੇ ਆਪਣੀ ਪੂਰੀ ਹਮਾਇਤ ਦਿੱਤੀ। ਇਨ੍ਹਾਂ ਵਿਚ ਬਾਰ ਐਸੋਸੀਏਸ਼ਨ, ਟਰਾਂਸਪੋਰਟ ਅਤੇ ਵੱਖ-ਵੱਖ ਵਪਾਰਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹਨ। ਨੈਸ਼ਨਲ ਕਾਨਫਰੰਸ ਅਤੇ ਪੀ. ਡੀ. ਪੀ. ਵਰਗੀਆਂ ਮੁਖ ਧਾਰਾ ਵਾਲੀਆਂ ਪਾਰਟੀਆਂ ਨੇ ਵੀ ਧਾਰਾ 35-ਏ ਨੂੰ ਜਾਰੀ ਰੱਖਣ ਦੇ ਹੱਕ ਵਿਚ ਵਿਖਾਵੇ ਕੀਤੇ।
ਧਾਰਾ 35-ਏ ਬਾਰੇ ਸੁਪਰੀਮ ਕੋਰਟ 'ਚ ਅੱਜ ਹੈ ਸੁਣਵਾਈ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਿਚ ਧਾਰਾ 35-ਏ ਦੀ ਜਾਇਜ਼ਤਾ ਨੂੰ ਚੁਨੌਤੀ ਦੇਣ ਵਾਲੀ ਇਕ ਜਨਹਿਤ ਪਟੀਸ਼ਨ 'ਤੇ ਸੋਮਵਾਰ ਸੁਣਵਾਈ ਹੋਣੀ ਹੈ। ਇਸ ਧਾਰਾ ਅਧੀਨ ਜੰਮੂ-ਕਸ਼ਮੀਰ ਤੋਂ ਬਾਹਰ ਦੇ ਨਾਗਰਿਕ ਸੂਬੇ ਵਿਚ ਅਚਲ ਜਾਇਦਾਦ ਨਹੀਂ ਖਰੀਦ ਸਕਦੇ।
