ਕੈਪਟਨ ਸਮੇਤ 100 ਭਾਰਤੀ CEO ਜਾਣਗੇ ਸਵਿਟਜ਼ਰਲੈਂਡ, WEF ਦੀ ਬੈਠਕ 'ਚ ਲੈਣਗੇ ਹਿੱਸਾ

12/23/2019 2:31:16 PM

ਨਵੀਂ ਦਿੱਲੀ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਮਹੀਨੇ ਯਾਨੀ ਕਿ ਜਨਵਰੀ 2020 ਨੂੰ ਹੋਣ ਵਾਲੀ ਗਲੋਬਲ ਆਰਥਿਕ ਮੰਚ (ਡਬਲਿਊ. ਈ. ਐੱਫ.) ਦੀ 50ਵੀਂ ਸਲਾਨਾ ਬੈਠਕ 'ਚ ਹਿੱਸਾ ਲੈਣਗੇ। ਇਹ ਬੈਠਕ ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ 'ਚ ਹੋਵੇਗੀ। ਇਸ ਬੈਠਕ 'ਚ ਕੈਪਟਨ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਕਰਨਾਟਕ ਦੇ ਸੀ. ਐੱਮ. ਬੀ. ਐੱਸ. ਯੇਦੀਯੁਰੱਪਾ ਸਮੇਤ ਭਾਰਤੀ ਕੰਪਨੀਆਂ ਦੇ 100 ਤੋਂ ਵਧੇਰੇ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ ਸੀ. ਈ. ਓ. ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿਚ ਅਮਰੀਕੀ ਰਾਸ਼ਟਰਪਤੀ  ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸਮੇਤ ਕਈ ਹੋਰ ਗਲੋਬਲ ਨੇਤਾਵਾਂ ਦੇ ਵੀ ਹਿੱਸਾ ਲੈਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਟਰੰਪ ਅਤੇ ਪੁਤਿਨ ਦੇ ਸ਼ਾਮਲ ਹੋਣ ਬਾਰੇ ਅਜੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।

ਇਸ ਪ੍ਰੋਗਰਾਮ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੀ ਹਿੱਸਾ ਲੈਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਬ੍ਰਿਟੇਨ ਦੇ ਪੀ. ਐੱਮ. ਬੋਰਿਸ ਜਾਨਸਨ ਇਸ 'ਚ ਗੈਰ-ਹਾਜ਼ਰ ਰਹਿ ਸਕਦੇ ਹਨ। ਜਿਨ੍ਹਾਂ ਗਲੋਬਲ ਨੇਤਾਵਾਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ, ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ, ਹਾਂਗਕਾਂਗ ਖੁਦਮੁਖਤਿਆਰ ਖੇਤਰ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲੈਮ, ਇਰਾਕ ਦੇ ਰਾਸ਼ਟਰਪਤੀ ਬਰਹਮ ਸਾਲਿਹ, ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਇਨ ਲੂੰਗ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਉਏਲੀ ਮੌਰੇਰ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਗਲੋਬਲ ਆਰਥਿਕ ਮੰਚ (ਡਬਲਿਊ. ਈ. ਐੱਫ.) ਦੀ 50ਵੀਂ ਸਲਾਨਾ ਬੈਠਕ ਦਾ ਆਯੋਜਨ 20 ਤੋਂ 24 ਜਨਵਰੀ 2020 ਦੌਰਾਨ ਹੋਣ ਵਾਲਾ ਹੈ। ਇਸ ਵਿਚ ਹਿੱਸਾ ਲੈਣ ਵਾਲੇ ਭਾਰਤੀ ਕਾਰੋਬਾਰੀਆਂ ਅਤੇ ਮੁੱਖ ਹਸਤੀਆਂ ਵਿਚ ਗੌਤਮ ਅਡਵਾਨੀ, ਮੁਕੇਸ਼ ਅੰਬਾਨੀ, ਰਾਹੁਲ ਅਤੇ ਸੰਜੀਵ ਬਜ਼ਾਜ਼, ਟਾਟਾ ਸਮੂਹ ਦੇ ਐੱਨ. ਚੰਦਰਸ਼ੇਖਰਨ, ਸੱਜਣ ਜ਼ਿੰਦਲ, ਆਨੰਦ ਮਹਿੰਦਰਾ ਆਦਿ ਸ਼ਾਮਲ ਹਨ। ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਇਸ ਵਿਚ ਸ਼ਾਮਲ ਹੋਵੇਗੀ। ਉਨ੍ਹਾਂ ਨੂੰ ਸੰਮੇਲਨ ਦੇ ਪਹਿਲੇ ਦਿਨ ਕ੍ਰਿਸਟਲ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।


Tanu

Content Editor

Related News