ਬੰਬਈ ਹਾਈ ਕੋਰਟ ਨੇ ਕਿਹਾ- ਬਿਨਾਂ ਫੁੱਲ ਜਾਂ ਫ਼ਲ ਵਾਲੇ ਭੰਗ ਦੇ ਪੌਦੇ ਨੂੰ ‘ਗਾਂਜਾ’ ਨਹੀਂ ਮੰਨ ਸਕਦੇ
Monday, Sep 05, 2022 - 11:26 AM (IST)
ਮੁੰਬਈ (ਭਾਸ਼ਾ)- ਬੰਬਈ ਹਾਈ ਕੋਰਟ ਨੇ ਵਪਾਰਕ ਮਾਤਰਾ ’ਚ ਨਸ਼ੀਲੇ ਪਦਾਰਥ ਰੱਖਣ ਦੇ ਮੁਲਜ਼ਮ ਵਿਅਕਤੀ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਬਿਨਾਂ ਫੁੱਲ ਜਾਂ ਫ਼ਲ ਵਾਲਾ ਭੰਗ ਦਾ ਪੌਦਾ ‘ਗਾਂਜੇ’ ਦੇ ਘੇਰੇ ’ਚ ਨਹੀਂ ਆਉਂਦਾ ਹੈ। ਅਦਾਲਤ ਕੁਨਾਲ ਕਡੂ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਐੱਨ. ਸੀ. ਬੀ. ਅਨੁਸਾਰ ਉਸ ਨੇ ਅਪ੍ਰੈਲ 2021 ’ਚ ਕਡੂ ਦੇ ਘਰ ਦੀ ਤਲਾਸ਼ੀ ਲਈ ਸੀ ਅਤੇ ਤਿੰਨ ਪੈਕੇਟਾਂ ’ਚ ਕੁੱਲ 48 ਕਿਲੋਗ੍ਰਾਮ ਹਰੇ ਪੱਤੇਦਾਰ ਪਦਾਰਥ ਬਰਾਮਦ ਕੀਤਾ ਸੀ। ਐੱਨ. ਸੀ. ਬੀ. ਨੇ ਦਾਅਵਾ ਕੀਤਾ ਸੀ ਕਿ ਇਹ ਹਰੇ ਪੱਤੇ ਵਾਲਾ ਪਦਾਰਥ ਗਾਂਜਾ ਹੈ ਅਤੇ ਕਿਉਂਕਿ ਜ਼ਬਤ ਕੀਤੇ ਗਏ ਪਾਬੰਦੀਸ਼ੁਦਾ ਪਦਾਰਥ ਦਾ ਕੁੱਲ ਵਜ਼ਨ 48 ਕਿਲੋ ਹੈ, ਇਸ ਲਈ ਇਹ ਵਪਾਰਕ ਮਾਤਰਾ ਦੀ ਪਰਿਭਾਸ਼ਾ ਦੇ ਅਧੀਨ ਆਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਮੱਧ ਪ੍ਰਦੇਸ਼ ਤੋਂ 3 ਹਥਿਆਰ ਸਮੱਗਲਰਾਂ ਨੂੰ ਫੜਿਆ, 63 ਦੇਸੀ ਪਿਸਤੌਲ ਬਰਾਮਦ
ਅਦਾਲਤ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਗਾਂਜੇ ਦੀ ਪਰਿਭਾਸ਼ਾ ’ਤੇ ਭਰੋਸਾ ਕਰਦੇ ਹੋਏ ਕਿਹਾ,‘‘ਗਾਂਜਾ ਭੰਗ ਦੇ ਪੌਦੇ ਦਾ ਫੁੱਲ ਜਾਂ ਫ਼ਲ ਵਾਲਾ ਸਭ ਤੋਂ ਉੱਪਰਲਾ ਹਿੱਸਾ ਹੁੰਦਾ ਹੈ ਅਤੇ ਜਦੋਂ ਫੁੱਲ ਜਾਂ ਫ਼ਲ ਵਾਲਾ ਹਿੱਸਾ ਨਾਲ ਨਾ ਹੋਵੇ ਤਾਂ ਪੌਦੇ ਦੇ ਬੀਜ ਅਤੇ ਪੱਤੇ ਨੂੰ ਸਬੰਧਤ ਸ਼੍ਰੇਣੀ ’ਚ ਨਹੀਂ ਰੱਖਿਆ ਜਾਣਾ ਚਾਹੀਦਾ।’’ ਅਦਾਲਤ ਨੇ ਕਿਹਾ,‘‘ਜੇ ਪੌਦੇ ਦਾ ਉੱਪਰੀ ਹਿੱਸੇ ਦੇ ਨਾਲ ਫੁੱਲ ਜਾਂ ਫ਼ਲ ਦੇ ਰੂਪ ’ਚ ਬੀਜ ਅਤੇ ਪੱਤੇ ਹੋਣ ਤਾਂ ਇਸ ਨੂੰ ਗਾਂਜਾ ਮੰਨਿਆ ਜਾਵੇਗਾ।” ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ ’ਚ ਐੱਨ. ਸੀ. ਬੀ. ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਦੇ ਘਰੋਂ ਜ਼ਬਤ ਕੀਤਾ ਗਿਆ ਪਦਾਰਥ ਇਕ ਹਰੇ ਪੱਤੇ ਵਾਲਾ ਪਦਾਰਥ ਸੀ ਅਤੇ ਉਸ ਨੇ ਫੁੱਲ ਜਾਂ ਫ਼ਲ ਦਾ ਕੋਈ ਹਵਾਲਾ ਨਹੀਂ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ