ਸੀਏਐੱਫ ਦੇ ਜਵਾਨ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, 2 ਜਵਾਨਾਂ ਦੀ ਮੌਤ
Wednesday, Sep 18, 2024 - 03:31 PM (IST)

ਬਲਰਾਮਪੁਰ (ਭਾਸ਼ਾ) : ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿਚ ਛੱਤੀਸਗੜ੍ਹ ਹਥਿਆਰਬੰਦ ਬਲ ਦੇ ਜਵਾਨ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਗੋਲੀਬਾਰੀ ਕੀਤੇ ਜਾਣ ਕਾਰਨ 2 ਜਵਾਨਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਦੇ ਸਮਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਭੂਟਾਹੀ ਵਿਚ ਸਥਿਤ ਸੀਏਐੱਫ ਦੀ 11ਵੀਂ ਬਟਾਲੀਅਨ ਦੇ ਕੈਂਪ ਵਿਚ ਸਿਪਾਹੀ ਅਜੈ ਸਿਦਾਰ ਨੇ ਆਪਣੀ ਸਰਵਿਸ ਇਨਸਾਸ ਰਾਈਫਲ ਨਾਲ ਗੋਲੀਬਾਰੀ ਕੀਤੀ। ਇਸ ਘਟਨਾ 'ਚ ਜਵਾਨ ਰੁਪੇਸ਼ ਪਟੇਲ ਅਤੇ ਸੰਦੀਪ ਪਾਂਡੇ ਸ਼ਹੀਦ ਹੋ ਗਏ ਅਤੇ ਜਵਾਨ ਅੰਬੂਜ ਸ਼ੁਕਲਾ ਅਤੇ ਰਾਹੁਲ ਬਘੇਲ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਬਲਰਾਮਪੁਰ-ਰਾਮਾਨੁਜਗੰਜ ਜ਼ਿਲ੍ਹੇ ਵਿਚ ਝਾਰਖੰਡ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਨਕਸਲੀ ਗਤੀਵਿਧੀਆਂ ਦੇ ਮੱਦੇਨਜ਼ਰ ਪਿੰਡ ਭੂਟਾਹੀ ਵਿਚ ਸੀਏਐੱਫ ਕੈਂਪ ਲਾਇਆ ਗਿਆ ਹੈ। ਸੀਏਐੱਫ ਦੀ 11ਵੀਂ ਬਟਾਲੀਅਨ ਭੂਟਾਹੀ ਕੈਂਪ ਵਿਚ ਤਾਇਨਾਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 11.30 ਵਜੇ ਸੀਏਐੱਫ ਜਵਾਨ ਅਜੈ ਸਿਦਾਰ ਨੇ ਆਪਣੀ ਸਰਵਿਸ ਇਨਸਾਸ ਰਾਈਫਲ ਨਾਲ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿਚ ਚਾਰ ਜਵਾਨਾਂ ਨੂੰ ਗੋਲੀ ਲੱਗੀ ਹੈ। ਗੋਲੀ ਲੱਗਣ ਕਾਰਨ ਸਿਪਾਹੀ ਰੁਪੇਸ਼ ਪਟੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਜ਼ਖ਼ਮੀ ਜਵਾਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਸੰਦੀਪ ਪਾਂਡੇ ਦੀ ਵੀ ਮੌਤ ਹੋ ਗਈ।
ਸਰਗੁਜਾ ਇਲਾਕੇ ਦੇ ਪੁਲਸ ਇੰਸਪੈਕਟਰ ਜਨਰਲ ਅੰਕਿਤ ਗਰਗ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲੇ ਸਿਪਾਹੀ ਸਿਦਾਰ ਨੂੰ ਫੜ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗਰਗ ਨੇ ਦੱਸਿਆ ਕਿ ਜ਼ਖਮੀ ਫੌਜੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8