PM ਦੀ ਪ੍ਰਧਾਨਗੀ ’ਚ ਮੰਤਰੀ ਮੰਡਲ ਦੀ ਬੈਠਕ, ਮੰਤਰੀਆਂ ਨੂੰ ਮੋਦੀ ਮੰਤਰ
Tuesday, Jul 04, 2023 - 11:10 AM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ’ਚ ਫੇਰਬਦਲ ਦੀਆਂ ਅਟਕਲਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਪੀ. ਐੱਮ. ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੀਤੇ 9 ਸਾਲਾਂ ’ਚ ਵਿਕਾਸ ਦੇ ਕਈ ਕਾਰਜ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਰਾਜਧਾਨੀ ਸਥਿਤ ਪ੍ਰਗਤੀ ਮੈਦਾਨ ਦੇ ਨਵੇਂ ਬਣੇ ਕਾਨਫਰੰਸ ਰੂਮ ’ਚ ਹੋਈ ਇਸ ਬੈਠਕ ’ਚ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਗਲੇ 9 ਮਹੀਨਿਆਂ ’ਚ ਲੋਕਾਂ ਨੂੰ ਕੇਂਦਰ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ।
ਸੂਤਰਾਂ ਨੇ ਦੱਸਿਆ ਕਿ ਬੈਠਕ ’ਚ 2047 ਤੱਕ ਬੁਨਿਆਦੀ ਢਾਂਚੇ ਤੋਂ ਲੈ ਕੇ ਬਜਟ ਦੇ ਆਕਾਰ ਤੱਕ ਕਈ ਖੇਤਰਾਂ ’ਚ ਭਾਰਤ ਦੀ ਸੰਭਾਵੀ ਵਿਕਾਸ ਯਾਤਰਾ ’ਤੇ ਇਕ ਪੇਸ਼ਕਾਰੀ ਵੀ ਦਿੱਤੀ ਗਈ। ਸਾਲ 2047 ’ਚ ਭਾਰਤ ਆਪਣੀ ਆਜ਼ਾਦੀ ਦਾ ਸ਼ਤਾਬਦੀ ਸਾਲ ਮਨਾਏਗਾ। ਮੋਦੀ ਨੇ 2023 ਤੋਂ 2047 ਤੱਕ ਦੇ ਸਫ਼ਰ ਨੂੰ ਦੇਸ਼ ਲਈ ‘ਅੰਮ੍ਰਿਤਕਾਲ’ ਦੱਸਿਆ। ਕਰੀਬ ਸਾਢੇ 4 ਘੰਟੇ ਤੱਕ ਚੱਲੀ ਬੈਠਕ ’ਚ ਉਨ੍ਹਾਂ ਦੀ ਮਿਸਰ ਯਾਤਰਾ ’ਤੇ ਵੀ ਚਾਨਣਾ ਪਾਇਆ ਗਿਆ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ,‘‘ਮੰਤਰੀ ਮੰਡਲ ਨਾਲ ਇਕ ਸਾਰਥਕ ਬੈਠਕ, ਜਿੱਥੇ ਅਸੀਂ ਵੱਖ-ਵੱਖ ਨੀਤੀਗਤ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।’’ ਉਨ੍ਹਾਂ ਬੈਠਕ ਨਾਲ ਜੁੜੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਬੈਠਕ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਾਮਨ, ਪੀਊਸ਼ ਗੋਇਲ, ਸਮ੍ਰਿਤੀ ਈਰਾਨੀ, ਧਰਮਿੰਦਰ ਪ੍ਰਧਾਨ, ਐੱਸ. ਜੈਸ਼ੰਕਰ, ਨਰਿੰਦਰ ਸਿੰਘ ਤੋਮਰ ਸਮੇਤ ਕੈਬਨਿਟ ਦੇ ਸਾਰੇ ਮੰਤਰੀ ਮੌਜੂਦ ਸਨ। ਇਸ ਸਾਲ ’ਚ ਕੇਂਦਰੀ ਮੰਤਰੀ ਮੰਡਲ ਦੀ ਇਹ ਦੂਜੀ ਬੈਠਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀ ਹੀ ਇਕ ਬੈਠਕ ਜਨਵਰੀ ’ਚ ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਕੀਤੀ ਸੀ।