CAA ਦੇ ਵਿਰੋਧ 'ਚ ਭਾਜਪਾ ਦੇ 80 ਮੁਸਲਿਮ ਨੇਤਾਵਾਂ ਨੇ ਛੱਡੀ ਮੁੱਢਲੀ ਮੈਂਬਰਸ਼ਿਪ

01/24/2020 6:15:58 PM

ਇੰਦੌਰ (ਭਾਸ਼ਾ)— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ 'ਧਾਰਮਿਕ ਆਧਾਰ 'ਤੇ ਵੰਡਕਾਰੀ ਕਾਨੂੰਨ' ਦੱਸਦੇ ਹੋਏ ਭਾਜਪਾ ਪਾਰਟੀ ਦੇ ਕਰੀਬ 80 ਮੁਸਲਿਮ ਨੇਤਾਵਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ। ਇਨ੍ਹਾਂ ਭਾਜਪਾ ਨੇਤਾਵਾਂ ਵਿਚ ਸ਼ਾਮਲ ਰਾਜਿਕ ਕੁਰੈਸ਼ੀ ਫਰਸ਼ੀਵਾਲਾ ਨੇ ਇਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਰੀਬ 80 ਮੁਸਲਿਮ ਨੇਤਾਵਾਂ ਨੇ ਭਾਜਪਾ ਦੇ ਨਵੇਂ ਨਿਯੁਕਤ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੂੰ ਕੱਲ ਭਾਵ ਵੀਰਵਾਰ ਨੂੰ ਚਿੱਠੀ ਭੇਜ ਕੇ ਮੁੱਢਲੀ ਮੈਂਬਰਸ਼ਿਪ ਛੱਡ ਦਿੱਤੀ ਹੈ। ਇਨ੍ਹਾਂ 'ਚ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਕਈ ਅਹੁਦਾ ਅਧਿਕਾਰੀ ਸ਼ਾਮਲ ਹਨ। 

ਕੁਰੈਸ਼ੀ ਨੇ ਕਿਹਾ ਕਿ ਸੀ. ਏ. ਏ. ਦੇ ਵਜੂਦ 'ਚ ਆਉਣ ਤੋਂ ਬਾਅਦ ਸਾਡਾ ਆਪਣੇ ਭਾਈਚਾਰੇ ਦੇ ਆਯੋਜਨਾਂ 'ਚ ਸ਼ਾਮਲ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਨ੍ਹਾਂ ਆਯੋਜਨਾਂ ਵਿਚ ਲੋਕ ਸਾਨੂੰ ਇਹ ਕਹਿ ਕੇ ਕੋਸਦੇ ਸਨ ਕਿ ਅਸੀਂ ਸੀ. ਏ. ਏ. ਵਰਗੇ ਵੰਡਕਾਰੀ ਕਾਨੂੰਨ 'ਤੇ ਕਦੋਂ ਤਕ ਚੁੱਪ ਰਹਾਂਗੇ? ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਦੇ ਅਸਲ ਤੌਰ 'ਤੇ ਪੀੜਤ ਸ਼ਰਨਾਰਥੀ ਨੂੰ ਭਾਰਤੀ ਨਾਗਰਿਕਤਾ ਮਿਲਣੀ ਚਾਹੀਦੀ ਹੈ। ਤੁਸੀਂ ਮਹਿਜ ਧਰਮ ਦੇ ਆਧਾਰ 'ਤੇ ਤੈਅ ਨਹੀਂ ਕਰ ਸਕਦੇ ਕਿ ਵਿਅਕਤੀ ਘੁਸਪੈਠੀਆ ਜਾਂ ਅੱਤਵਾਦੀ ਹੈ। ਸੀ. ਏ. ਏ. ਵਿਰੁੱਧ ਭਾਜਪਾ ਛੱਡਣ ਵਾਲੇ ਮੁਸਲਿਮ ਨੇਤਾਵਾਂ ਦੀ ਚਿੱਠੀ ਵਿਚ ਇਹ ਵੀ ਕਿਹਾ ਗਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ-14 ਅਧੀਨ ਕਿਸੇ ਵੀ ਭਾਰਤੀ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਪ੍ਰਾਪਤ ਹੈ। ਇੱਥੇ ਦੱਸ ਦੇਈਏ ਕਿ ਸੀ. ਏ. ਏ. ਦੇ ਵਿਰੋਧ ਵਿਚ ਜਿਨ੍ਹਾਂ ਭਾਜਪਾ ਨੇਤਾਵਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚੋਂ ਕੁਝ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦੇ ਕਰੀਬੀ ਮੰਨੇ ਜਾਂਦੇ ਹਨ।
 


Tanu

Content Editor

Related News